ਲੁਧਿਆਣਾ: ਸ਼ਹਿਰ ਵਿੱਚ ਕੋਰੋਨਾ ਨਾਲ ਪੀੜਤ 7 ਮਰੀਜ਼ ਬਿਲਕੁਲ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਇਨ੍ਹਾਂ ਵਿੱਚ 6 ਲੁਧਿਆਣਾ ਅਤੇ 1 ਜਲੰਧਰ ਨਾਲ ਸਬੰਧਤ ਹੈ। ਲੁਧਿਆਣਾ ਦੇ ਡੀਸੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਅੱਜ ਇੱਕ ਮਰੀਜ਼ ਸਿਵਲ ਹਸਪਤਾਲ ਜਗਰਾਂਓਂ ਤੋਂ ਛੁੱਟੀ ਲੈ ਕੇ ਘਰ ਪਹੁੰਚ ਗਿਆ ਹੈ।
ਡੀਸੀ ਨੇ ਦੱਸਿਆ ਕਿ 26 ਅਪ੍ਰੈਲ, 2020 ਤੱਕ ਲੁਧਿਆਣਾ ਵਿੱਚ 1707 ਨਮੂਨੇ ਲਏ ਗਏ ਜਿਨ੍ਹਾਂ ਵਿੱਚੋਂ 1465 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 1444 ਨਮੂਨੇ ਨੈਗੇਟਿਵ ਪਾਏ ਗਏ ਹਨ। 21 ਨਮੂਨੇ ਪੌਜ਼ੀਟਿਵ ਪਾਏ ਗਏ ਹਨ।
ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਵਿੱਚ ਠੀਕ ਹੋ ਰਹੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। 56 ਯਾਤਰੀਆਂ ਦਾ ਪਹਿਲਾ ਜੱਥਾ ਦੋ ਵਿਸ਼ੇਸ਼ ਬੱਸਾਂ ਰਾਹੀਂ ਨਾਂਦੇੜ ਤੋਂ ਲੁਧਿਆਣਾ ਪਹੁੰਚ ਚੁੱਕਾ ਹੈ। ਲੁਧਿਆਣਾ ਦੇ 174 ਯਾਤਰੀਆਂ ਨੂੰ ਨਾਂਦੇੜ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ।
ਇਨ੍ਹਾਂ ਯਾਤਰੀਆਂ ਦੀ ਸਿਹਤ ਵਿਭਾਗ ਵੱਲੋਂ ਸਕਰੀਨਿੰਗ ਕਰਨ ਉਪਰੰਤ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਹੀ 14 ਦਿਨਾਂ ਲਈ ਇਕਾਂਤਵਾਸ ਕਰ ਦਿੱਤਾ ਗਿਆ ਹੈ। ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਟਾ (ਰਾਜਸਥਾਨ) ਵਿੱਚ ਕੋਚਿੰਗ ਲੈ ਰਹੇ ਪੰਜਾਬ ਦੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦਾ ਵੀ ਫੈਸਲਾ ਕੀਤਾ ਹੈ।
ਅਗਰਵਾਲ ਨੇ ਸਪੱਸ਼ਟ ਕੀਤਾ ਕਿ ਸਨਅਤਾਂ ਨੂੰ ਆਪਣੀ ਲੇਬਰ ਜਾਂ ਮਜ਼ਦੂਰਾਂ ਨੂੰ ਟਰਾਂਸਪੋਰਟੇਸ਼ਨ ਸਹੂਲਤ ਮੁਹੱਈਆ ਕਰਵਾਉਣੀ ਪੈਣੀ ਹੈ ਕਿਉਂਕਿ ਅਜਿਹੇ ਲੋਕਾਂ ਦੀ ਆਵਾਜਾਈ ਵਿਅਕਤੀਗਤ ਤੌਰ 'ਤੇ ਮਨਾਹੀ ਹੈ। ਲੇਬਰ ਦੀ ਢੋਆ-ਢੁਆਈ ਵੇਲੇ ਸਨਅਤਕਾਰਾਂ ਨੂੰ ਵਾਹਨਾਂ ਵਿੱਚ ਲੇਬਰ ਦੀ ਸਮਾਜਿਕ ਦੂਰੀ ਅਤੇ ਹੋਰ ਹਦਾਇਤਾਂ ਦੀ ਪਾਲਣਾ ਯਕੀਨੀ ਤੌਰ 'ਤੇ ਕਰਨੀ ਪਵੇਗੀ।