ਲੁਧਿਆਣਾ: ਕੋਰੋਨਾ ਵਾਇਰਸ ਨੇ ਹਰ ਵੱਡੇ ਅਤੇ ਛੋਟੇ ਵਪਾਰੀਆਂ ਨੂੰ ਚੰਗੀ ਤਰ੍ਹਾਂ ਨਿਚੋੜ ਸੁੱਟਿਆ ਹੈ। ਚਾਹੇ ਉਹ ਵੱਡੇ ਵਪਾਰੀ ਹੋਣ, ਜਾ ਮੰਡੀ ਵਿੱਚ ਸਬਜ਼ੀ ਵੇਚਣ ਵਾਲੇ ਹੋਣ ਸਭ ਦੇ ਵਪਾਰ 'ਤੇ ਕੋਰੋਨਾ ਕਾਰਨ ਲੱਗੇ ਲੌਕਡਾਊਨ ਵਿੱਚ ਕਾਫੀ ਘਾਟਾ ਹੋਇਆ ਹੈ। ਲੁਧਿਆਣਾ ਸ਼ਹਿਰ ਜਿੱਥੇ ਵੱਡੀ ਗਿਣਤੀ ਵਿੱਚ ਰੇਹੜੀਆਂ ਅਤੇ ਫੜ੍ਹੀਆਂ ਉੱਤੇ ਸਮਾਨ ਵੇਚਣ ਵਾਲਿਆਂ ਦੀ ਭਰਮਾਰ ਹੈ। ਇਸੇ ਨੂੰ ਲੈ ਕੇ ਪੇਸ਼ ਹੈ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ।
ਲੁਧਿਆਣਾ ਦੇ ਵਿੱਚ 19000 ਦੇ ਕਰੀਬ ਰੇਹੜੀਆਂ-ਫੜ੍ਹੀਆਂ ਵਾਲੇ ਹਨ, ਜਿਨ੍ਹਾਂ ਵਿੱਚੋਂ ਮਹਿਜ਼ 8500 ਦੀ ਹੀ ਹੁਣ ਤੱਕ ਸਾਲ 2014 ਦੇ ਐਕਟ ਅਧੀਨ ਰਜਿਸਟ੍ਰੇਸ਼ਨ ਹੋਈ ਹੈ। ਬਾਕੀ ਰੇਹੜੀਆਂ-ਫੜ੍ਹੀਆਂ ਵਾਲਿਆਂ ਦੀ ਹਾਲੇ ਤੱਕ ਕੋਈ ਰਜਿਸਟ੍ਰੇਸ਼ਨ ਨਹੀਂ ਹੋਈ। ਹਾਲਾਂਕਿ ਕੋਰੋਨਾ ਦਰਮਿਆਨ ਲਾਏ ਕਰਫ਼ਿਊ ਵਿੱਚ ਬਹੁਤ ਸਾਰੇ ਰੇਹੜੀਆਂ-ਫੜੀਆਂ ਵਾਲੇ ਕੰਮਕਾਜ਼ ਠੱਪ ਹੋਣ ਕਾਰਨ ਆਪੋ-ਆਪਣੇ ਸੂਬਿਆਂ ਨੂੰ ਪਰਤ ਗਏ।
15 ਸਾਲਾਂ ਤੋਂ ਰੇਹੜੀ 'ਤੇ ਸਬਜ਼ੀ ਵੇਚ ਰਿਹੈ
ਭਾਈ ਰਣਧੀਰ ਸਿੰਘ ਨਗਰ ਰੇਹੜੀ ਫੜ੍ਹੀਆਂ ਵਾਲਿਆਂ ਦੇ ਆਗੂ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਬੀਤੇ 15 ਸਾਲ ਤੋਂ ਰੇਹੜੀ ਲਗਾ ਕੇ ਸਬਜ਼ੀਆਂ ਵੇਚਣ ਦਾ ਕੰਮ ਕਰਦੇ ਹਨ, ਪਰ ਕੋਰੋਨਾ ਕਰਫਿਊ ਦੌਰਾਨ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ।
ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਉਨ੍ਹਾਂ ਦੀ ਰਜਿਸਟ੍ਰੇਸ਼ਨ ਤੱਕ ਕਰਵਾ ਲਈ ਗਈ, 10 ਹਜ਼ਾਰ ਰੁਪਏ ਤੱਕ ਦਾ ਲੋਨ ਘੱਟ ਵਿਆਜ ਦਰ ਉੱਤੇ ਦੇਣ ਦਾ ਦਾਅਵਾ ਵੀ ਕੀਤਾ ਗਿਆ ਪਰ ਹਾਲੇ ਤੱਕ ਕਾਗਜ਼ੀ ਕਾਰਵਾਈ ਨੂੰ ਹੀ ਲੰਮਾ ਸਮਾਂ ਹੋ ਗਿਆ ਹੈ ਅਤੇ ਕੁੱਝ ਵੀ ਨਹੀਂ ਹੋਇਆ ਹੈ।
ਪ੍ਰਵਾਸੀ ਰੇਹੜੀਆਂ ਵਾਲੇ ਵੀ ਹੋਏ ਸ਼ਿਕਾਰ
ਉਧਰ ਦੂਜੇ ਪਾਸੇ ਹੋਰਨਾਂ ਸੂਬਿਆਂ ਤੋਂ ਆਏ ਰੇਹੜੀਆਂ-ਫੜੀਆਂ ਲਾਉਣ ਵਾਲਿਆਂ ਨੇ ਦੱਸਿਆ ਕਿ ਪਹਿਲਾਂ ਉਹ ਸੜਕਾਂ ਉੱਤੇ ਰੇਹੜੀਆਂ ਫੜ੍ਹੀਆਂ ਲਾਉਂਦੇ ਸਨ ਪਰ ਬਾਅਦ ਵਿੱਚ ਕਾਰਪੋਰੇਸ਼ਨ ਵੱਲੋਂ ਡਰਾ-ਧਮਕਾ ਕੇ ਉਨ੍ਹਾਂ ਨੂੰ ਉੱਥੋਂ ਖਦੇੜ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਸਥਾਨਕ ਕੌਂਸਲਰ ਕੋਲ ਮਦਦ ਦੀ ਗੁਹਾਰ ਲਾਈ ਅਤੇ ਉਨ੍ਹਾਂ ਨੇ ਇੱਕ ਥਾਂ ਮੁਹੱਈਆ ਕਰਵਾ ਦਿੱਤੀ ਗਈ ਹੈ।
ਸਮੇਂ ਵਿੱਚ ਦਿੱਤੀ ਜਾਵੇ ਮੁਹੱਲਤ
ਉਨ੍ਹਾਂ ਦੱਸਿਆ ਕਿ ਉਹ ਸਵੇਰੇ ਆਉਂਦੇ ਹਨ, ਪਰ ਇੱਥੇ ਕੰਮਕਾਰ ਬਿਲਕੁਲ ਵੀ ਨਹੀਂ। ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਕਾਰਪੋਰੇਸ਼ਨ ਵੱਲੋਂ ਜਾਂ ਸਰਕਾਰ ਵੱਲੋਂ ਕਰਫ਼ਿਊ ਦੇ ਦੌਰਾਨ ਕੋਈ ਮਦਦ ਨਹੀਂ ਕੀਤੀ ਗਈ ਇੱਕ ਸਮੇਂ ਦੀ ਰੋਟੀ ਖਾਣ ਨੂੰ ਵੀ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਸਰਕਾਰ ਨੇ ਕਰਫ਼ਿਊ ਕਾਰਨ ਜੋ ਸਮੇਂ ਦੀ ਮੁਹੱਲਤ ਦਿੱਤੀ ਹੋਈ ਹੈ, ਉਸ ਵਿੱਚ ਥੋੜਾ ਵਾਧਾ ਕੀਤਾ ਜਾਵੇ।
ਕੀ ਕਹਿਣਾ ਹੈ ਲੁਧਿਆਣਾ ਦੇ ਮੇਅਰ ਦਾ...
ਇਸ ਬਾਰੇ ਲੁਧਿਆਣਾ ਦੇ ਮੇਅਰ ਨੂੰ ਸਵਾਲ ਕੀਤੇ ਤਾਂ ਉਨ੍ਹਾਂ ਕਿਹਾ ਕਿ ਸਟ੍ਰੀਟ ਵੈਂਡਰਾਂ ਦੀ ਇੱਕ ਸੂਚੀ ਤਿਆਰ ਕਰ ਲਈ ਗਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਥਾਂ ਮੁਹੱਈਆ ਕਰਵਾਈ ਜਾਵੇਗੀ।