ਲੁਧਿਆਣਾ: ਸ਼ਹਿਰ ਦੀ ਡਵੀਜ਼ਨ ਨੰਬਰ 2 ਦੇ ਕਾਰਪੋਰੇਸ਼ਨ ਦਫ਼ਤਰ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਾਂਗਰਸ ਦੇ ਹੀ ਵਾਰਡ ਨੰਬਰ 48 ਤੋਂ ਕੌਂਸਲਰ ਪਰਮਿੰਦਰ ਲਾਪਰਾਂ ਨੇ ਪਾਣੀ ਦੀ ਛੋਟ ਨੂੰ ਲੈ ਕੇ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ।
ਲਾਪਰਾਂ ਨੇ ਕਾਰਪੋਰੇਸ਼ਨ ਦਫ਼ਤਰ ਦੇ ਗੇਟ ਨੂੰ ਜਿੰਦਾ ਲਾ ਕੇ ਚਾਬੀਆਂ ਆਪਣੀ ਜੇਬ 'ਚ ਪਾ ਲਈਆਂ ਅਤੇ ਕਿਹਾ ਕਿ ਜਦੋਂ ਤੱਕ ਉਸ ਦੇ ਵਾਰਡ 'ਚ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ ਉਹ ਇਹ ਚਾਬੀਆਂ ਕਾਰਪੋਰੇਸ਼ਨ ਨੂੰ ਵਾਪਿਸ ਨਹੀਂ ਦੇਵੇਗਾ। ਲਾਪਰਾਂ ਨੇ ਸ਼ਰੇਆਮ ਕਿਹਾ ਕਿ ਜਿਸ ਵਿੱਚ ਦਮ ਹੈ ਉਹ ਮੇਰੇ ਤੋਂ ਆ ਕੇ ਚਾਬੀਆਂ ਲੈ ਕੇ ਵਿਖਾਵੇ।
ਲਾਪਰਾਂ ਨੇ ਕਮੀਜ਼ ਲਾਹ ਕੇ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਕੌਂਸਲਰ ਕੋਲ ਆਪਣੀਆਂ ਮੁਸ਼ਕਲਾਂ ਲੈ ਕੇ ਆਉਂਦੇ ਹਨ ਪਰ ਉਹ ਖ਼ੁਦ ਹੀ ਬੇਬੱਸ ਨੇ ਕਿਉਂਕਿ ਇੱਥੇ ਉਨ੍ਹਾਂ ਦੀ ਕੋਈ ਆਵਾਜ਼ ਨਹੀਂ ਸੁਣਦਾ। ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਧਰਨਾ ਲਾ ਦਿੱਤਾ ਹੈ।
ਦੂਜੇ ਪਾਸੇ ਮੌਕੇ 'ਤੇ ਹਾਲਾਤ ਤਣਾਅਪੂਰਨ ਹੁੰਦੇ ਵੇਖ ਐਸਡੀਓ ਅਰਸ਼ਦੀਪ ਸਿੰਘ ਵੀ ਪਹੁੰਚੇ, ਉਨ੍ਹਾਂ ਨੇ ਕਿਹਾ ਕਿ ਜੂਨ ਮਹੀਨੇ ਦੇ ਵਿੱਚ ਕੁਝ ਇਲਾਕੇ ਦੇ ਵਿੱਚ ਪਾਣੀ ਦੀ ਸਮੱਸਿਆ ਜ਼ਰੂਰ ਆਉਂਦੀ ਹੈ। ਪਾਣੀ ਦਾ ਪ੍ਰੈਸ਼ਰ ਵੀ ਘੱਟ ਜਾਂਦਾ ਹੈ ਜਿਸ ਦਾ ਹੱਲ ਉਹ ਜਲਦ ਕਰਨਗੇ।
ਇਸ ਪ੍ਰਦਰਸ਼ਨ ਤੋਂ ਤੁਸੀਂ ਖ਼ੁਦ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਲੁਧਿਆਣਾ ਨਗਰ ਨਿਗਮ ਵਿੱਚ ਜਦੋਂ ਕਾਂਗਰਸ ਦੇ ਕੌਂਸਲਰ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਫਿਰ ਆਮ ਲੋਕਾਂ ਦੀ ਆਵਾਜ਼ ਦੀ ਸਾਰ ਕੌਣ ਲੈਂਦਾ ਹੋਵੇਗਾ।