ਲੁਧਿਆਣਾ: 23 ਮਾਰਚ 1931 ਨੂੰ ਅੰਗਰੇਜ਼ੀ ਹਕੂਮਤ ਵੱਲੋਂ ਉਨ੍ਹਾਂ ਦੀਆਂ ਜੜ੍ਹਾਂ ਨੂੰ ਹਿਲਾਉਣ ਵਾਲੇ ਦੇਸ਼ ਦੇ ਤਿੰਨ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੂੰ ਫਾਂਸੀ ਦਿੱਤੀ ਗਈ ਸੀ ਅਤੇ ਅੱਜ ਵਿਸ਼ਵ ਭਰ ਵਿੱਚ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਪਰ ਲੁਧਿਆਣਾ (Ludhiana) ਦੇ ਵਿੱਚ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਰੋਸ ਦੀ ਲਹਿਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਉਂ ਅੱਜ ਤੱਕ ਸ਼ਹੀਦ ਸੁਖਦੇਵ ਥਾਪਰ ਦੇ ਘਰ ਸੂਬਾ ਪੱਧਰੀ ਸਮਾਗਮ (State level events) ਨਹੀਂ ਕਰਵਾਇਆ ਗਿਆ, ਉਨ੍ਹਾਂ ਨੇ ਆਮ ਆਦਮੀ ਪਾਰਟੀ (Aam Aadmi Party) ਤੋਂ ਮੰਗ ਕੀਤੀ ਕਿ ਇਸ ਥਾਂ ਦਾ ਸੁੰਦਰੀਕਰਨ ਕਰਵਾਇਆ ਜਾਵੇ।
ਸ਼ਹੀਦ ਸੁਖਦੇਵ ਥਾਪਰ (Shaheed Sukhdev Thapar) ਦੇ ਵੰਸ਼ਜ ਅਸ਼ੋਕ ਥਾਪਰ ਨੇ ਕਿਹਾ ਕਿ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਲੁਧਿਆਣਾ ਦੇ ਨੌਘਰਾ ਵਿੱਚ ਸਥਿਤ ਇਸ ਇਮਾਰਤ ਵਿੱਚ ਹੀ ਹੋਇਆ ਸੀ ਅਤੇ ਆਪਣੀ ਜ਼ਿੰਦਗੀ ਦੇ ਲਗਪਗ ਪੰਜ ਸਾਲ ਆਪਣੀ ਮਾਤਾ ਰੱਲੀ ਦੇਵੀ ਦੇ ਨਾਲ ਉਨ੍ਹਾਂ ਨੇ ਇੱਥੇ ਹੀ ਗੁਜ਼ਾਰੇ ਸਨ, ਪਰ ਇਸ ਥਾਂ ਦੇ ਸੁੰਦਰੀਕਰਨ ਲਈ ਅੱਜ ਤਕ ਕੋਈ ਬਹੁਤੇ ਯਤਨ ਨਹੀਂ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਇੱਥੇ ਆਉਣ ਲਈ ਕੋਈ ਚੌੜਾ ਰਸਤਾ ਨਹੀਂ ਹੈ, ਤੰਗ ਬਾਜ਼ਾਰ ਵਿੱਚੋਂ ਲੰਘ ਕੇ ਆਉਣਾ ਪੈਂਦਾ ਹੈ। ਜਿਸ ਕਰਕੇ ਇੱਥੇ ਤੱਕ ਕੋਈ ਗੱਡੀ ਨਹੀਂ ਪਹੁੰਚ ਸਕਦੀ, ਉਨ੍ਹਾਂ ਨੇ ਕਿਹਾ ਕਿ ਇਸ ਥਾਂ ਵੱਲ ਵੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ।
ਸ਼ਹੀਦਾਂ ਨਾਲ ਵਿਤਕਰਾ ਕਿਉਂ?: ਸ਼ਹੀਦ ਸੁਖਦੇਵ ਥਾਪਰ (Shaheed Sukhdev Thapar) ਦੇ ਵੰਸ਼ਜ ਵੱਲੋਂ ਸਮੇਂ ਦੀਆਂ ਸਰਕਾਰਾਂ ਦੇ ਨਾਲ ਸਵਾਲ ਕੀਤਾ ਗਿਆ ਹੈ ਅਤੇ ਖ਼ਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ ਗਿਆ ਕਿ ਅਸੀਂ ਸ਼ਹੀਦਾਂ ਦੇ ਵਿੱਚ ਵੰਡੀਆਂ ਪਾ ਕੇ ਉਨ੍ਹਾਂ ਨਾਲ ਵਿਤਕਰਾ ਕਿਉਂ ਕਰ ਰਹੇ ਹਾਂ, ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਕਿਹਾ ਕੇ ਸਰਕਾਰੀ ਦਫ਼ਤਰਾਂ ਵਿੱਚ ਭਗਤ ਸਿੰਘ ਦੀ ਫ਼ੋਟੋ ਲੱਗੇਗੀ, ਉਨ੍ਹਾਂ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਉਹ ਨਾਲ ਇਹ ਵੀ ਕਹਿੰਦੇ ਕਿ ਭਗਤ ਸਿੰਘ ਦੀ ਤਸਵੀਰ ਦੇ ਨਾਲ ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਤਸਵੀਰ ਵੀ ਲਾਈ ਜਾਵੇਗੀ।
ਕਿਉਂਕਿ ਇਨ੍ਹਾਂ ਤਿੰਨਾਂ ਵੱਲੋਂ ਇਕੱਠਿਆਂ ਹੀ ਦੇਸ਼ ਲਈ ਕੁਰਬਾਨੀ ਦਿੱਤੀ ਗਈ ਸੀ ਫਾਂਸੀ ‘ਤੇ ਚੜ੍ਹੇ ਸਨ, ਪਰ ਸਿਰਫ਼ ਇੱਕ ਸ਼ਹੀਦ ਨੂੰ ਯਾਦ ਕਰਕੇ ਬਾਕੀਆਂ ਨੂੰ ਇਤਿਹਾਸ ਦੇ ਵਰਕਿਆਂ ‘ਚੋਂ ਭੁਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਇਲਜ਼ਾਮ ਰਾਜਨੀਤੀਕ ਪਾਰਟੀਆਂ ਅਤੇ ਲੀਡਰਾਂ ‘ਤੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਥਾਪਰ ਨੇ ਲਗਾਏ ਹਨ।
ਜਨਮ ਥਾਂ ਵਾਲੀ ਇਮਾਰਤ ਦੀ ਖਸਤਾ ਹਾਲਤ: ਸਾਡੀ ਟੀਮ ਵੱਲੋਂ ਜਦੋਂ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਵਾਲੀ ਇਮਾਰਤ ਦਾ ਜਾਇਜ਼ਾ ਲਿਆ ਗਿਆ, ਤਾਂ ਉਹ ਕਾਫ਼ੀ ਖ਼ਸਤਾ ਹਾਲਤ ਵਿੱਚ ਸੀ, ਇਲਾਕੇ ਦੇ ਅੰਦਰ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਅਤੇ ਸੜਕਾਂ ਪੂਰੀ ਤਰ੍ਹਾਂ ਪੁੱਟੀਆਂ ਪਈਆਂ ਹਨ। ਇੰਨਾ ਹੀ ਨਹੀਂ ਇਮਾਰਤ ਦਾ ਚੂਨਾ ਵੀ ਥਾਂ-ਥਾਂ ਤੋਂ ਚੜ੍ਹ ਚੁੱਕਾ ਹੈ ਅਤੇ ਕਈ ਥਾਂ ‘ਤੇ ਤਰੇੜਾਂ ਆ ਗਈਆਂ ਹਨ। ਇੱਥੋਂ ਤੱਕ ਕੇ ਜਨਮ ਅਸਥਾਨ ਵਾਲੀ ਥਾਂ ‘ਤੇ ਲੱਗੇ ਪੱਖੇ ਅਤੇ ਲਾਈਟਾਂ ਵੀ ਬੰਦ ਪਈਆਂ ਹਨ। ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ਼ਾਂ ਨੇ ਕਿਹਾ ਕਿ ਇਸ ਦਾ ਬਿਜਲੀ ਦਾ ਬਿੱਲ ਵੀ ਅਸੀਂ ਹੀ ਝਕਾਉਂਦੇ ਹਾਂ, ਜਦੋਂ ਕਿ ਇਸ ਨੂੰ ਪੁਰਾਤੱਤਵ ਵਿਭਾਗ ਦੇ ਹਵਾਲੇ ਕੀਤਾ ਗਿਆ ਹੈ।
ਕਈ ਵਾਰ ਆਈਆਂ ਗਰਾਂਟਾਂ, ਪਰ ਨਹੀਂ ਲੱਗੀਆਂ: ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰਿਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਤੱਕ ਕਈ ਗਰਾਂਟਾਂ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਅਸਥਾਨ ਦੀ ਇਮਾਰਤ ਦੇ ਰੱਖ ਰਖਾਵ ਅਤੇ ਇਸ ਦੇ ਸੁੰਦਰੀਕਰਨ ਲਈ ਆਈਆਂ ਹਨ, ਪਰ ਇਸ ਇਮਾਰਤ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਇੱਥੇ ਕੋਈ ਪੈਸਾ ਨਹੀਂ ਲਗਾਏ। ਪੁਰਾਤੱਤਵ ਵਿਭਾਗ ਨੂੰ 81 ਲੱਖ ਰੁਪਿਆ ਇਸ ਇਮਾਰਤ ਦੇ ਸੁੰਦਰੀਕਰਨ ਲਈ ਪ਼ਾਸ ਕੀਤਾ ਗਿਆ ਸੀ, ਪਰ ਤੁਸੀਂ ਆਪ ਵੇਖ ਸਕਦੇ ਹੋ ਕਿ ਇੱਥੇ ਕਿੰਨੇ ਕੁ ਪੈਸੇ ਲੱਗੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਵੀ ਇਸ ਥਾਂ ਦੇ ਸੁੰਦਰੀਕਰਨ ਦੀ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਹੋਈ ਸੀ, ਪਰ ਉਹ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਈ।
ਸੂਬਾ ਪੱਧਰੀ ਸਮਾਗਮ ਦੀ ਮੰਗ: ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ਼ਾਂ ਨੇ ਮੰਗ ਕੀਤੀ ਹੈ ਕਿ ਜਿਵੇਂ ਖਟਕੜ ਕਲਾਂ (Khatkar Kalan) ਦੇ ਵਿੱਚ ਆਏ ਸਾਲ ਸੂਬਾ ਪੱਧਰੀ ਸਮਾਗਮ ਮਨਾਏ ਜਾਂਦੇ ਹਨ ਅਤੇ ਵੱਡੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਉਸ ਥਾਂ ਦਾ ਸੁੰਦਰੀਕਰਨ ਵੀ ਕੀਤਾ ਗਿਆ ਹੈ। ਉਸੇ ਦੀ ਤਰਜ ‘ਤੇ ਲੁਧਿਆਣਾ ਦੇ ਵਿੱਚ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਦਾ ਵੀ ਸੁੰਦਰੀਕਰਨ ਕਰਵਾਇਆ ਜਾਵੇ ਅਤੇ ਘੱਟੋ ਘੱਟ ਇੱਕ ਵਾਰ ਤਾਂ ਜ਼ਰੂਰ ਇਸ ਥਾਂ ‘ਤੇ ਸੂਬਾ ਪੱਧਰੀ ਸਮਾਗਮ ਦਾ ਪ੍ਰਬੰਧ ਕਰਵਾਇਆ ਜਾਵੇ ਤਾਂ ਜੋ ਜਿਨ੍ਹਾਂ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਨਾਲ ਫਾਂਸੀ ‘ਤੇ ਚੜ੍ਹਨ ਵਾਲੇ ਸੁਖਦੇਵ ਥਾਪਰ ਕੌਣ ਸਨ ਅਤੇ ਕਿੱਥੇ ਉਨ੍ਹਾਂ ਦਾ ਜਨਮ ਹੋਇਆ ਉਨ੍ਹਾਂ ਬਾਰੇ ਵੀ ਪੰਜਾਬ ਅਤੇ ਹੋਰ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਸਕੇ।
ਇਹ ਵੀ ਪੜ੍ਹੋ: ਇਨਕਲਾਬੀ ਸੋਚ ਵਾਲੇ ਸ਼ਹੀਦ ਭਗਤ ਸਿੰਘ ਦੇ 10 ਵਿਚਾਰ, ਪੜ੍ਹੋ