ਲੁਧਿਆਣਾ: ਉੱਤਰ ਭਾਰਤ ਦੇ ਨਾਲ ਪੰਜਾਬ ਦੇ ਮੌਸਮ ਦਾ ਮਿਜਾਜ਼ ਵੀ ਹੁਣ ਕੁਝ ਬਦਲਣ ਲੱਗਾ ਹੈ। ਪੰਜਾਬ 'ਚ ਰਾਤਾਂ ਨੂੰ ਠੰਢ ਵਧਣ ਲੱਗ ਗਈ ਹੈ। ਰਾਤ ਦਾ ਪਾਰਾ ਲਗਭਗ 14 ਡਿਗਰੀ ਦੇ ਕਰੀਬ ਚੱਲ ਰਿਹਾ ਹੈ, ਜਦੋਂ ਕਿ ਦਿਨ ਵੇਲੇ ਪਾਰਾ 35 ਡਿਗਰੀ ਦੇ ਕਰੀਬ ਹੁੰਦਾ ਹੈ। ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਆਉਂਦੇ ਦਿਨਾਂ 'ਚ ਪਾਰਾ ਹੋਰ ਘਟੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਵਿਸ਼ੇਸ਼ ਸਲਾਹ ਦਿੱਤੀ ਹੈ ਕਿ ਯੂਨੀਵਰਸਿਟੀ ਦੀਆਂ ਹਿਦਾਇਤਾਂ ਮੁਤਾਬਿਕ 25 ਅਕਤੂਬਰ ਤੋਂ ਬਾਅਦ ਹੀ ਕਿਸਾਨ ਕਣਕ ਦੀ ਫ਼ਸਲ ਬੀਜਣ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਸਹਾਇਕ ਪ੍ਰੋਫ਼ੈਸਰ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਇਸ ਵਾਰ ਸਰਦੀਆਂ ਦਾ ਆਗਾਜ਼ ਜਲਦੀ ਹੋ ਜਾਵੇਗਾ ਜੋ ਕਿ ਬੀਤੇ ਲੰਮੇ ਸਮੇਂ ਤੋਂ ਬਾਰਿਸ਼ ਨਾ ਹੋਣ ਕਰਕੇ ਮੌਸਮ ਖੁਸ਼ਕ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਤ ਅਤੇ ਦਿਨ ਦੇ ਪਾਰੇ ਵਿੱਚ ਫਿਲਹਾਲ ਕਾਫੀ ਫਰਕ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਝੋਨੇ ਦੀ ਫ਼ਸਲ ਜਲਦੀ ਤੋਂ ਜਲਦੀ ਵੱਢ ਲੈਣ ਅਤੇ ਕਣਕ ਦੀ ਫਸਲ ਨੂੰ 25 ਅਕਤੂਬਰ ਤੋਂ ਬਾਅਦ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਬੀਜਣਾ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਜਦੋਂ ਦਿਨ ਦਾ ਪਾਰਾ 30 ਡਿਗਰੀ ਜਾਂ ਉਸ ਤੋਂ ਹੇਠਾਂ ਹੋਵੇਗਾ ਉਦੋਂ ਹੀ ਕਣਕ ਬੀਜੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਕਣਕ 'ਤੇ ਪੀਲੀ ਕੁੰਗੀ ਦਾ ਪ੍ਰਭਾਵ ਵਧ ਰਿਹਾ ਹੈ। ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਮੌਸਮ ਦੇ ਮੁਤਾਬਕ ਹੀ ਕਣਕ ਦੀ ਫਸਲ ਨੂੰ ਬੀਜਿਆ ਜਾਵੇ।