ਲੁਧਿਆਣਾ: ਪੰਜਾਬ ਦਾ ਲੋਕ ਨਾਚ ਭੰਗੜਾ ਅਤੇ ਗਿੱਧਾ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ, ਪਰ ਪਿਛਲੇ 30 ਸਾਲ ਤੋਂ ਸੰਗਰੂਰ ਦੀ ਜਮੀ ਪਲੀ ਡਾਕਟਰ ਸੰਗੀਤਾ ਪੰਜਾਬੀਆਂ ਨੂੰ ਕਲਾਸੀਕਲ ਡਾਂਸ ਸਿਖਾ ਰਹੀ ਹੈ। ਖਾਸ ਕਰਕੇ ਕਥਕ ਦੇ ਵਿੱਚ ਹੁਣ ਤੱਕ ਸੈਂਕੜੇ ਡਾਂਸਰ ਤਿਆਰ ਕਰ ਚੁੱਕੀਂ ਹੈ। ਡਾਕਟਰ ਸੰਗੀਤਾ ਸਾਲਸਾ ਦੀ ਨੈਸ਼ਨਲ ਕੋਚ ਹੈ ਅਤੇ ਪੰਜਾਬ ਦੀ ਟੀਮ ਦੀ ਕੌਂਮੀ ਪੱਧਰ ਉੱਤੇ ਅਗਵਾਈ ਵੀ ਕਰਦੀਂ ਹੈ। 2022 ਵਿੱਚ ਪੰਜਾਬ ਦੀ ਟੀਮ ਕਥਕ ਵਿੱਚ ਕਾਂਸੀ ਦਾ ਤਗ਼ਮਾ ਲੈਕੇ ਆਈ ਹੈ।
ਸੰਗੀਤਾ ਦੇ ਵੱਲੋਂ ਤਿਆਰ ਕੀਤੇ ਬੱਚੇ ਵਿਦੇਸ਼ਾਂ ਤੱਕ ਪਹੁੰਚੇ: ਡਾਕਟਰ ਸੰਗੀਤਾ ਨੇ ਜਦੋਂ 30 ਸਾਲ ਪਹਿਲਾਂ ਕਲਾਸੀਕਲ ਡਾਂਸ ਦੀ ਸ਼ੁਰੂਆਤ ਕੀਤੀ ਸੀ, ਤਾਂ ਸਕੂਲਾਂ-ਕਾਲਜਾਂ ਵਿੱਚ ਡਾਂਸ ਨੂੰ ਵਿਸ਼ੇ ਵਜੋਂ ਪੜ੍ਹਾਉਣ ਦਾ ਰਿਵਾਜ ਨਹੀਂ ਸੀ। ਇਸ ਕਰਕੇ ਉਨ੍ਹਾਂ ਵੱਲੋਂ ਸਕੂਲਾਂ ਕਾਲਜਾਂ ਨਾਲ ਜੁੜ ਕੇ ਇਸ ਦੀ ਸ਼ੁਰੂਆਤ ਕੀਤੀ ਗਈ। ਹੁਣ ਉਹ ਆਪਣੀ ਡਾਂਸ ਅਕੈਡਮੀ ਵਿੱਚ ਪ੍ਰੋਫੈਸ਼ਨਲ ਕਲਾਸੀਕਲ ਡਾਂਸਰ ਤਿਆਰ ਕਰ ਰਹੀ ਹੈ, ਜਿਨ੍ਹਾਂ ਨੂੰ ਉਹ 5 ਤੋਂ 7 ਸਾਲ ਦੀ ਸਿਖਲਾਈ ਦਿੰਦੀ ਹੈ। ਡਾਕਟਰ ਸੰਗੀਤਾ ਵੱਲੋਂ ਤਿਆਰ ਬੱਚੇ ਕੌਮਾਂਤਰੀ ਪੱਧਰ ਉੱਤੇ ਦੇਸ਼ ਦਾ ਨਾਂਅ ਰੌਸ਼ਨ ਕਰ ਰਹੇ ਹਨ। ਉਨ੍ਹਾ ਦੀ ਇੱਕ ਸਿੱਖਿਅਕ ਨਿਊਯਾਰਕ ਯੂਨੀਵਰਸਿਟੀ ਵਿੱਚ ਆਪਣੀ ਡਾਂਸ ਦੀ ਕਲਾ ਦੀ ਬਦੌਲਤ ਦਾਖਲਾ ਲੈ ਪਾਈ ਹੈ।
ਪਹਿਲਾਂ ਪਿਤਾ ਤੇ ਫਿਰ ਪਤੀ ਦਾ ਹਮੇਸ਼ਾ ਸਪੋਰਟ ਰਿਹਾ: ਡਾਕਟਰ ਸੰਗੀਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅੱਖਾਂ ਦੇ ਡਾਕਟਰ ਹਨ ਅਤੇ ਭੈਣ ਵੀ ਡਾਕਟਰ ਹੈ। ਜਦੋਂ ਉਨ੍ਹਾਂ ਨੇ ਡਾਂਸ ਵੱਲ ਰੁਝਾਨ ਕੀਤਾ ਤੋਂ ਪਰਿਵਾਰ ਨੂੰ ਲੋਕ ਮਿਹਣੇ ਕੱਸਦੇ ਸਨ ਅਤੇ ਬੋਲਦੇ ਸਨ ਕਿ ਇਹ ਕਿਹੜਾ ਕੰਮ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਪਿਤਾ ਨੇ ਉਨ੍ਹਾ ਦੇ ਸ਼ੌਂਕ ਵਿੱਚ ਕਦੇ ਰੁਕਾਵਟ ਨਹੀਂ ਪਾਈ, ਸਗੋਂ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਜਿਸ ਦੀ ਬਦੌਲਤ ਉਹ ਅੱਜ ਇਸ ਮੁਕਾਮ ਉੱਤੇ ਪਹੁੰਚ ਪਾਈ ਹੈ। ਇੰਨਾਂ ਹੀ ਨਹੀਂ, ਉਨ੍ਹਾਂ ਦੇ ਪਤੀ ਮੈਕੇਨੀਕਲ ਇੰਜੀਨੀਅਰ ਹਨ, ਜੋ ਭਾਰਤ ਸਰਕਾਰ ਵਿੱਚ ਵਿਗਿਆਨੀ ਹਨ। ਉਨ੍ਹਾਂ ਵੱਲੋਂ ਵੀ ਪੂਰਾ ਸਮਰਥਨ ਦਿੱਤਾ ਗਿਆ ਅਤੇ ਉਨ੍ਹਾਂ ਦੇ ਗੁਰੂ ਜਿਨ੍ਹਾਂ ਕੋਲੋਂ ਡਾ. ਸੰਗੀਤਾ ਨੇ ਖਾਸ ਕਰਕੇ ਕਲਾਸੀਕਲ ਕਥਕ ਦੀ ਸਿਖਲਾਈ ਲਈ, ਉਨ੍ਹਾਂ ਕਰਕੇ ਹੀ ਉਹ ਅੱਜ ਇਸ ਮੁਕਾਮ ਉੱਤੇ ਪਹੁੰਚ ਪਾਈ ਹੈ।
ਕਈ ਡਾਂਸ ਕਲਾ ਵਿੱਚ ਮੁਹਾਰਤ ਹਾਸਿਲ: ਡਾਕਟਰ ਸੰਗੀਤਾ ਵਿਦਿਆਰਥੀਆਂ ਨੂੰ ਆਨਲਾਈਨ ਵੀ ਸਿਖਾਉਂਦੇ ਹਨ। ਨਾ ਸਿਰਫ਼ ਭਾਰਤ ਵਿੱਚ, ਬਲਕਿ ਵਿਦੇਸ਼ਾਂ ਵਿੱਚ ਵੀ ਵਿਦਿਆਰਥੀ ਉਨ੍ਹਾਂ ਕੋਲੋਂ ਪੁਰਾਤਨ ਡਾਂਸ ਦੀ ਸਿੱਖਿਆ ਲੈਂਦੇ ਹਨ। ਇੰਨਾ ਹੀ ਨਹੀਂ, ਉਹ ਸਾਲਸਾ ਦੇ ਵੀ ਕੋਚ ਹਨ। ਉਨ੍ਹਾਂ ਨੇ ਸਾਲਸਾ ਵਿੱਚ ਵੀ ਮੁਹਾਰਤ ਹਾਸਿਲ ਕੀਤੀ ਹੈ। ਡਾਕਟਰ ਸੰਗੀਤਾ ਮਾਨਤਾ ਪ੍ਰਾਪਤ ਕੌਮਾਂਤਰੀ ਪੱਧਰ ਦੇ ਜੱਜ ਹਨ, ਜਿਨ੍ਹਾਂ ਵੱਲੋਂ ਭਾਰਤ ਦੇ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਡਾਕਟਰ ਸੰਗੀਤਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਲਾਵਾਂ ਦੀ ਬਦੌਲਤ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਨਾਲ ਕੰਮ ਕਰਨ ਦਾ ਵੀ ਮੌਕਾ ਮਿਲਿਆ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਗਈਆਂ ਟੀਮਾਂ ਨੇ ਏਸ਼ੀਆ ਪੱਧਰ ਉੱਤੇ ਜਾ ਕੇ ਇੰਟਰਨੈਸ਼ਨਲ ਪੱਧਰ ਉੱਤੇ ਜਾ ਕੇ ਵੱਡੀ ਗਿਣਤੀ ਵਿਚ ਮੈਡਲ ਹਾਸਲ ਕੀਤੇ ਸਨ।