ਲੁਧਿਆਣਾ: ਜਗਰਾਓਂ ਦੇ ਇਕ ਪਿੰਡ ਦੀ ਦਲਿਤ ਲੜਕੀ ਨੂੰ ਕਰੰਟ ਲਗਾ ਕੇ ਨਕਾਰਾ ਕਰਨ ਦੇ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ (Women's Commission) ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਪੀੜਤ ਲੜਕੀ ਦੇ ਘਰ ਪਹੁੰਚੀ। ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਪੀੜਤ ਪਰਿਵਾਰ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਦੱਸਦੇਈਏ ਕਿ ਪੀੜਤ ਲੜਕੀ ਨੇ ਦੁਖੀ ਹੋ ਕੇ ਅਸ਼ਟਾਮ ਪੇਪਰ ਉਤੇ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਨੀਸ਼ਾ ਗੁਲਾਟੀ ਨੂੰ ਭੇਜ ਕੇ ਮੌਤ ਦੀ ਭੀਖ ਮੰਗੀ ਸੀ।
ਮਨੀਸ਼ਾ ਗੁਲਾਟੀ ਨੇ ਕਾਰਵਾਈ ਦਾ ਦਿੱਤਾ ਭਰੋਸਾ
ਇਸ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਲੜਕੀ ਨੂੰ ਇਨਸਾਫ਼ (Justice) ਜ਼ਰੂਰ ਮਿਲੇਗਾ। ਉਨ੍ਹਾਂ ਨੇ ਕਿਹਾ ਹੈ ਕਿ ਮੁਲਜ਼ਮ ਖਿਲਾਫ਼ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ
ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਹੈ ਕਿ ਉਸ ਦੀ ਭੈਣ ਨੂੰ ਕਰੰਟ ਲਗਾ ਕੇ ਨਕਾਰਾ ਕਰਨ ਅਤੇ ਉਸ ਨੂੰ ਝੂਠੇ ਕਤ ਕੇਸ ਵਿੱਚ ਫਸਾਉਣ ਦੇ ਮਾਮਲੇ 'ਚ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ 28 ਮਈ 2018 ਨੂੰ ਤੱਤਕਾਲੀਨ ਸੀਨੀਅਰ ਪੁਲਿਸ ਕਪਤਾਨ ਜਗਰਾਉਂ ਨੂੰ ਮੁਕੱਦਮਾ ਦਰਜ ਕਰਨ ਅਤੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਸਨ ਪਰ ਐਸਐਸਪੀ ਵੱਲੋਂ ਕਮਿਸ਼ਨ ਦੇ ਹੁਕਮਾਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਸੀ।
ਤਿੰਨ ਵੱਡੇ ਅਫ਼ਸਰ ਕੀਤੇ ਤਲਬ
ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋ ਪਹਿਲਾਂ 15 ਮਾਰਚ 2020 ਅਤੇ ਹੁਣ 28 ਮਈ 2021ਨੂੰ ਉਕਤ ਤਿੰਨਾਂ ਅਫਸਰਾਂ ਸਮੇਤ ਡੀਜੀਪੀ ਨੂੰ ਸਖ਼ਤ ਵਾਰਨਿੰਗ ਦਿੰਦੇ ਹੋਏ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ, ਪਰ ਅਵੱਗਿਆ ਤੋਂ ਖਫਾ ਕਮਿਸ਼ਨ ਨੇ ਉਕਤ ਤਿੰਨੇ ਵੱਡੇ ਅਫਸਰਾਂ ਨੂੰ ਨਿਜ਼ੀ ਤੌਰ 'ਤੇ ਦਿੱਲੀ ਤਲ਼ਬ ਕੀਤਾ। ਰਸੂਲਪੁਰ ਨੇ ਇਹ ਵੀ ਕਿਹਾ ਕਿ ਉਹ 17 ਸਾਲਾਂ ਤੋਂ ਇਨਸਾਫ਼ ਲਈ ਲੜ ਰਿਹਾ ਹੈ।