ਲੁਧਿਆਣਾ: ਸਮਰਾਲਾ ਦੀ ਪੁਰਾਣੀ ਸਬਜ਼ੀ ਮੰਡੀ ਦੇ ਵਾਰਡ ਨੰਬਰ 4 ਵਿੱਚ ਤੜਕਸਾਰ ਗਲੀ 'ਚ ਖੜੀ ਇਕ ਇੰਡੀਕਾ ਕਾਰ ਨੂੰ ਅਚਾਨਕ ਲੱਗੀ ਅੱਗ ਗਈ। ਸੂਚਨਾ ਮਿਲਣ 'ਤੇ ਫਾਇਰ ਬਿਗ੍ਰੇਡ ਦੀ ਗੱਡੀ ਨੇ ਮੌਕੇ 'ਤੇ ਪੁੱਜ ਕੇ ਅੱਗ ਬੁਝਾਈ, ਪਰ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਕਾਰ ਮਾਲਕ ਜਸਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਸਵੇਰੇ 4 ਵਜੇ ਦੀ ਹੈ। ਉਸ ਨੇ ਦੱਸਿਆ ਕਿ ਕਾਰ ਤਿੰਨ ਦਿਨਾਂ ਤੋਂ ਘਰ ਦੇ ਬਾਹਰ ਹੀ ਖੜੀ ਸੀ। ਕਾਰ ਨੂੰ ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ।ਜਸਦੀਪ ਸਿੰਘ ਨੇ ਕਿਹਾ ਕਿ ਇਹ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ ਜਾਂ ਫਿਰ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ।
ਹਾਲਾਂਕਿ ਕਿਸੇ ਨਾਲ ਉਸਦਾ ਕੋਈ ਵੈਰ ਨਹੀਂ ਹੈ। ਉਸ ਨੇ ਕਿਹਾ ਕਿ ਕਾਰ ਨੂੰ ਅੱਗ ਲੱਗਣ ਦਾ ਪਤਾ ਲੱਗਣ 'ਤੇ ਤੁਰੰਤ ਫ਼ਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ, ਜਿਨ੍ਹਾਂ ਨੇ ਪੁੱਜ ਕੇ ਅੱਗ ਨੂੰ ਕਾਬੂ ਕੀਤਾ, ਪਰ ਉਦੋਂ ਤੱਕ ਕਾਰ ਸੁਆਹ ਹੋ ਚੁੱਕੀ ਸੀ।
ਫਾਇਰ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਇਕ ਕਾਰ ਨੂੰ ਅੱਗ ਲੱਗ ਗਈ ਹੈ। ਉਹ ਤੁਰੰਤ ਮੌਕੇ 'ਤੇ ਪੁੱਜੇ ਅਤੇ ਅੱਗ ਬੁਝਾਈ। ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।