ਲੁਧਿਆਣਾ: ਪੰਜਾਬ ਦੇ ਸਾਢੇ 9 ਸਾਲ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਦੇ ਦੌਰਾਨ ਆਪਣੀ ਵੱਖਰੀ ਪਾਰਟੀ ਬਣਾ ਕੇ ਚੋਣਾਂ ਲੜੀਆਂ ਗਈਆਂ ਸਨ, ਇਸ ਦੌਰਾਨ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਲੋਕਾਂ ਦੇ ਨਕਾਰੇ ਜਾਣ ਤੋਂ ਮਗਰੋਂ ਨਾ ਸਿਰਫ ਉਨ੍ਹਾਂ ਦੀ ਪਾਰਟੀ ਬੁਰੀ ਤਰ੍ਹਾਂ ਹਾਰੀ ਸਗੋਂ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਸੀਟ ਤੱਕ ਨਹੀਂ ਬਚਾ ਸਕੇ।
ਐਫੀਡੇਵਿਟ ਵਿੱਚ ਨਵਾਂ ਖੁਲਾਸਾ: ਉਥੇ ਹੀ ਹੁਣ ਇਸ ਵਿਚਕਾਰ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਏ ਗਏ ਐਫੀਡੇਵਿਟ ਵਿੱਚ ਹੁਣ ਇੱਕ ਨਵਾਂ ਖੁਲਾਸਾ ਹੋਇਆ ਹੈ। ਇਸ ਐਫੀਡੇਵਿਟ ’ਚ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੇ ਦੌਰਾਨ 39.67 ਲੱਖ ਰੁਪਏ ਦਾ ਖਰਚਾ ਵਿਖਾਇਆ ਹੈ ਅਤੇ ਇਨ੍ਹਾਂ ਵਿਚੋਂ 25 ਲੱਖ ਰੁਪਿਆ ਕੈਪਟਨ ਅਮਰਿੰਦਰ ਸਿੰਘ ਨੇ ਉਧਾਰ (Capt Amarinder Singh borrows money) ਫੜਿਆ ਹੈ ਅਤੇ ਜਿਸ ਤੋਂ ਉਧਾਰ ਲਿਆ ਹੈ ਉਸ ਦੀ ਪਛਾਣ ਸ਼ਰਾਬ ਦੇ ਠੇਕੇਦਾਰ ਵਜੋਂ ਹੋਈ ਹੈ ਜਿਸ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜੋ : ਸਵਾਲਾਂ ’ਚ ਖਾਕੀ ! ਪੁਲਿਸ ਅਕੈਡਮੀ 'ਚ ਨਸ਼ਾ ਸਪਲਾਈ ਕਰਨ ਵਾਲੇ ਦੋ ਪੁਲਿਸ ਮੁਲਾਜ਼ਮ ਕਾਬੂ
ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਚੋਣ ਖ਼ਰਚੇ ਦੌਰਾਨ ਲਗਾਏ ਗਏ ਐਫੀਡੈਵਿਟ ਵਿਚ ਲਿਖਿਆ ਗਿਆ ਹੈ ਕਿ ਉਨ੍ਹਾਂ ਵੱਲੋਂ 25 ਲੱਖ ਰੁਪਏ ਦਾ ਲੋਨ ਦੁਰਲੱਭ ਸਿੰਘ ਗਰਚਾ ਕੋਲੋ ਲਿਆ ਗਿਆ ਹੈ ਅਤੇ ਸੂਤਰਾਂ ਨੇ ਦੱਸਿਆ ਹੈ ਕਿ ਦੁਰਲੱਭ ਗਰਚਾ ਸ਼ਰਾਬ ਦੇ ਕਾਰੋਬਾਰੀ ਹੈ।
ਸਿਆਸਤਦਾਨਾਂ ਦੇ ਨਿਸ਼ਾਨੇ ‘ਤੇ ਕੈਪਟਨ: ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਰਾਬ ਦੇ ਠੇਕੇਦਾਰ ਤੋਂ ਪੈਸੇ ਉਧਾਰ ਫੜ ਕੇ ਚੋਣਾਂ ਲੜਨ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਅਹਿਬਾਬ ਗਰੇਵਾਲ ਨੇ ਤੰਜ ਕੱਸਦਿਆਂ ਕਿਹਾ ਹੈ ਕਿ ਇਨ੍ਹਾਂ ਸਬੂਤਾਂ ਤੋਂ ਸਾਫ ਹੁੰਦਾ ਹੈ ਕਿ ਪੁਰਾਣੀ ਸਰਕਾਰ ਆਪਣੇ ਚਹੇਤਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਚੋਣਾਂ ਦੇ ਦੌਰਾਨ ਉਨ੍ਹਾਂ ਤੋਂ ਫੰਡਿੰਗ ਕਰਵਾਉਂਦੀਆਂ ਸਨ ਅਤੇ ਫਿਰ ਜਦੋਂ ਸਰਕਾਰ ਬਣ ਜਾਂਦੀ ਸੀ ਤਾਂ ਉਨ੍ਹਾਂ ਨੂੰ ਫੇਵਰ ਕੀਤਾ ਜਾਂਦਾ ਸੀ।
ਉਨ੍ਹਾਂ ਕਿਹਾ ਪਰ ਹੁਣ ਸੂਬੇ ਵਿੱਚ ਈਮਾਨਦਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਲੋਕਾਂ ਨੇ ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਹੈ, ਕਿਉਂਕਿ ਉਹ ਬੀਤੀਆਂ ਸਰਕਾਰਾਂ ਦੀਆਂ ਮਨਮਰਜ਼ੀਆਂ ਤੋਂ ਤੰਗ ਆ ਚੁੱਕੇ ਸਨ। ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਚੋਣਾਂ ਲੜਨ ਲਈ ਜੇਕਰ ਉਨ੍ਹਾਂ ਨੇ ਕਿਸੇ ਤੋਂ ਉਧਾਰ ਲਿਆ ਹੈ ਤਾਂ ਇਹ ਉਨ੍ਹਾਂ ਨੂੰ ਹੀ ਪਤਾ ਹੋਵੇਗਾ। ਉਨ੍ਹਾਂ ਕਿਹਾ ਪਰ ਇਹ ਜ਼ਰੂਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੇ ਦੌਰਾਨ ਆਪਣੀ ਪਾਰਟੀ ਬਣਾ ਕੇ ਵੱਡੇ ਵੱਡੇ ਦਾਅਵੇ ਜ਼ਰੂਰ ਕੀਤੇ ਸਨ, ਪਰ ਉਸ ਵਿਚ ਉਹ ਕਾਮਯਾਬ ਨਹੀਂ ਹੋ ਸਕੇ।
ਚੋਣਾਂ ‘ਚ ਮਿਲੀ ਕਰਾਰੀ ਹਾਰ: ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਰਾਜ ਘਰਾਣੇ ਤੋਂ ਸਬੰਧਤ ਹਨ। ਉਨ੍ਹਾਂ ਦਾ ਸਿਸਵਾਂ ਫਾਰਮ ਹਾਊਸ ਵੀ ਅਕਸਰ ਹੀ ਸੁਰਖੀਆਂ ਵਿੱਚ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ 9.5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਪਹਿਲਾ ਕਾਰਜਕਾਲ ਉਨ੍ਹਾਂ ਦਾ 2002 ਤੋਂ ਲੈ ਕੇ 2007 ਤੱਕ ਦਾ ਸੀ ਜਿਸ ਤੋਂ ਬਾਅਦ 2017 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਅਤੇ ਕੈਪਟਨ ਅਮਰਿੰਦਰ ਸਿੰਘ ਮੁੜ ਤੋਂ ਪੰਜਾਬ ਦੇ ਮੁੱਖ ਮੰਤਰੀ ਰਹੇ, ਪਰ 2021 ਦੇ ਆਖ਼ਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ।
ਮੁੱਖ ਮੰਤਰੀ ਅਹੁਦੇ ਤੋਂ ਲਾਂਭੇ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਦਾ ਨਿਰਮਾਣ ਕੀਤਾ ਅਤੇ ਭਾਜਪਾ ਦੇ ਨਾਲ ਗੱਠਜੋੜ ਕਰਨ ਤੋਂ ਬਾਅਦ ਸੂਬੇ ਵਿੱਚ ਚੋਣਾਂ ਲੜੀਆਂ ਪਰ ਚੋਣਾਂ ਦੇ ਦੌਰਾਨ ਉਹ ਆਪਣੇ ਚੋਣ ਨਿਸ਼ਾਨ ਨੂੰ ਲੈ ਕੇ ਵਿਵਾਦ ਚ‘ ਰਹੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਚੋਣ ਨਿਸ਼ਾਨ ਖਿੱਦੋ ਖੂੰਡੀ ਸੀ, ਪਰ ਸ਼ਹਿਰਾਂ ਵਿੱਚ ਜ਼ਿਆਦਾਤਰ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰਾਂ ਨੇ ਭਾਜਪਾ ਦੇ ਕਮਲ ਦੇ ਫੁੱਲ ‘ਤੇ ਹੀ ਚੋਣ ਲੜੀ ਸੀ, ਹਾਲਾਂਕਿ ਪੰਜਾਬ ਲੋਕ ਕਾਂਗਰਸ ਚੋਣਾਂ ਦੇ ਵਿੱਚ ਬਹੁਤਾ ਕੁਝ ਨਹੀਂ ਕਰ ਸਕੀ ਅਤੇ ਕੈਪਟਨ ਨੂੰ ਵੀ ਲੋਕਾਂ ਨੇ ਪਟਿਆਲੇ ਤੋਂ ਨਕਾਰ ਦਿੱਤਾ।
ਇਹ ਵੀ ਪੜੋ: ਮੁਹਾਲੀ ਧਮਾਕਾ ਮਾਮਲਾ: 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਨਿਸ਼ਾਨ ਸਿੰਘ, ਹੋਇਆ ਵੱਡਾ ਖੁਲਾਸਾ !