ਲੁਧਿਆਣਾ: ਸਿੱਖ ਕਤਲੇਆਮ ਦੇ ਪੀੜਤਾਂ ਵੱਲੋਂ ਭਾਰਤ ਨਗਰ ਚੌਕ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਕੈਂਡਲ ਮਾਰਚ ਕੱਢਿਆ ਗਿਆ। ਇਸ ਕੈਂਡਲ ਮਾਰਚ ਵਿੱਚ ਕਈ ਦੰਗਾ ਪੀੜਤਾਂ ਵੱਲੋਂ ਹਿੱਸਾ ਲਿਆ ਗਿਆ ਅਤੇ ਜੰਮ ਕੇ ਕਾਂਗਰਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਦੰਗਾ ਪੀੜਤ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਕਈ ਦਹਾਕੇ ਬੀਤ ਜਾਣ ਮਗਰੋਂ ਵੀ ਉਹ ਇਨਸਾਫ਼ ਦੀ ਉਡੀਕ ਕਰ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਦੰਗਾ ਪੀੜਤ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਉਹ ਅੱਜ ਵੀ ਇਨਸਾਫ ਲਈ ਤਰਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਤੋਂ ਫਿਰ ਵੀ ਉਨ੍ਹਾਂ ਨੂੰ ਕੁਝ ਉਮੀਦ ਜਾਗੀ ਸੀ ਪਰ ਇੱਕ ਮੁਲਜ਼ਮ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾ ਕੇ ਕੰਮ ਹਾਲੇ ਪੂਰਾ ਨਹੀਂ ਹੋਇਆ, ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਕਮਲ ਨਾਥ ਵਰਗੇ ਹਾਲੇ ਵੀ ਸਲਾਖਾਂ ਤੋਂ ਬਾਹਰ ਘੁੰਮ ਰਹੇ ਹਨ। ਕਾਂਗਰਸ ਵੱਲੋਂ ਉਨ੍ਹਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ ਨੇ ਅਤੇ ਹੁਣ ਉਨ੍ਹਾਂ 'ਤੇ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਨੇ ਕਿਹਾ ਕਿ ਇਨਸਾਫ ਦੇ ਲਈ ਉਨ੍ਹਾਂ ਨੂੰ ਇਹ ਕੈਂਡਲ ਮਾਰਚ ਹਰ ਸਾਲ ਕੱਢਣਾ ਪੈਂਦਾ ਹੈ।
ਜ਼ਿਕਰਯੋਗ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਇਨ੍ਹਾਂ ਦਿਨਾਂ 'ਚ ਹੀ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ ਅਤੇ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਹਾਲਾਂਕਿ ਸੱਜਨ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਗਿਆ ਪਰ ਹਾਲੇ ਵੀ ਸਿੱਖ ਕਤਲੇਆਮ ਦੇ ਕਈ ਮੁਲਜ਼ਮ ਆਜ਼ਾਦੀ ਨਾਲ ਬਾਹਰ ਘੁੰਮ ਰਹੇ ਹਨ।