ਲੁਧਿਆਣਾ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲਾ ਬਜਟ ਪੇਸ਼ ਕੀਤਾ ਜਾਣਾ ਹੈ ਜਿਸ ਨੂੰ ਲੈ ਕੇ ਇਕ ਪਾਸੇ ਜਿੱਥੇ ਵਿਰੋਧੀ ਪਾਰਟੀਆਂ ਲਗਾਤਾਰ ਸਵਾਲ ਖੜ੍ਹੇ ਕਰ ਰਹੀਆਂ ਹਨ ਕਿ ਬਜਟ ਦਾ ਸੈਸ਼ਨ ਬਹੁਤ ਛੋਟਾ ਰੱਖਿਆ ਗਿਆ ਹੈ ਉਥੇ ਹੀ ਲੁਧਿਆਣਾ ਦੇ ਸਨਅਤਕਾਰਾਂ ਨੇ ਕਿਹਾ ਕਿ ਸਰਕਾਰ ਤੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਦੀ ਉਮੀਦ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਬਣੀ ਹੋਈ ਹੈ ਉਸ ਨੂੰ ਵੇਖਦਿਆਂ ਕੋਈ ਵੀ ਬਾਹਰੀ ਸੂਬੇ ਦਾ ਇਨਵੈਸਟਰ ਪੰਜਾਬ ਦੇ ਵਿਚ ਨਿਵੇਸ਼ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਸਰਕਾਰ ਨੂੰ ਪਹਿਲਾਂ ਕਾਨੂੰਨ ਵਿਵਸਥਾ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਤੋਂ ਰਾਏ ਲੈ ਕੇ ਬਜਟ ਬਣਾਉਣ ਦੀ ਸਰਕਾਰ ਨੇ ਗੱਲ ਕਹੀ ਹੈ ਪਰ ਇਹ ਆਮ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਲੋਕਾਂ ਨੇ ਕੀ ਰਾਇ ਦਿੱਤੀ ਹੈ। ਉਨ੍ਹਾਂ ਕਿਹਾ ਜਿਵੇਂ ਭਗਵੰਤ ਮਾਨ ਨੂੰ ਸੀਐਮ ਖ਼ੁਦ ਹੀ ਪਾਰਟੀ ਨੇ ਐਲਾਨ ਕਰ ਦਿੱਤਾ ਸੀ ਉਸੇ ਤਰ੍ਹਾਂ ਦਾ ਡਰਾਮਾ ਬਜਟ ਨੂੰ ਲੈ ਕੇ ਰਚਿਆ ਜਾ ਰਿਹਾ ਹੈ।
ਲੁਧਿਆਣਾ ਦੇ ਸਨਅਤਕਾਰਾਂ ਨੇ ਕਿਹਾ ਕਿ ਬਜਟ ਸੈਸ਼ਨ ਛੋਟਾ ਰੱਖਿਆ ਗਿਆ ਤਾਂ ਜੋ ਵਿਰੋਧੀ ਪਾਰਟੀਆਂ ਸਵਾਲ ਨਾ ਕਰ ਸਕਣ। ਉਨ੍ਹਾਂ ਨੇ ਕਿਹਾ ਸਰਕਾਰ ਬਜਟ ਵਿੱਚ ਸਨਅਤਕਾਰਾਂ ਨੂੰ ਰਾਹਤ ਦੇਵੇ ਜੋ ਵਾਅਦੇ ਸਰਕਾਰ ਨੇ ਕੀਤੇ ਸੀ ਉਹ ਪੂਰੇ ਕਰੇ। ਉਨ੍ਹਾਂ ਕਿਹਾ ਕਿ ਸਸਤੀ ਬਿਜਲੀ ਦਾ ਵਾਅਦਾ ਪੂਰਾ ਕੀਤਾ ਜਾਵੇ। ਵਪਾਰੀਆਂ ਨੇ ਕਿਹਾ ਕਿ ਇਸ ਵਕਤ ਹਾਲਾਤ ਇੰਡਸਟਰੀ ਦੇ ਕਾਫ਼ੀ ਖ਼ਰਾਬ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਜਟ ਰਾਹਤ ਭਰਿਆ ਲੈ ਕੇ ਆਵੇ।
ਉੱਥੇ ਹੀ ਦੂਜੇ ਪਾਸੇ ਆਮ ਲੋਕਾਂ ਨੇ ਵੀ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਉਮੀਦ ਤੇ ਦੁਨੀਆ ਕਾਇਮ ਹੈ ਸਰਕਾਰ ਤੋਂ ਉਮੀਦਾਂ ਬਹੁਤ ਹਨ ਪਰ ਜੇਕਰ ਸਰਕਾਰ ਜ਼ਮੀਨੀ ਪੱਧਰ ’ਤੇ ਕੰਮ ਕਰੇ ਤਾਂ ਹੀ ਆਮ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੋਂ ਉਨ੍ਹਾਂ ਨੂੰ ਉਮੀਦਾਂ ਤਾਂ ਕਾਫੀ ਸਨ ਪਰ ਉਮੀਦਾਂ ਪੂਰੀਆਂ ਨਹੀਂ ਹੋਈਆਂ। ਆਮ ਲੋਕਾਂ ਨੇ ਕਿਹਾ ਕਿ ਸਾਨੂੰ ਮੁਫ਼ਤ ਖੋਰੀ ਦੀ ਰਾਜਨੀਤੀ ਨਹੀਂ ਚਾਹੀਦੀ ਸਗੋਂ ਮਹਿੰਗਾਈ ’ਤੇ ਸਰਕਾਰ ਠੱਲ ਪਵੇ।
ਇਹ ਵੀ ਪੜ੍ਹੋ: ਕੱਪੜਿਆਂ ਦੇ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ