ਲੁਧਿਆਣਾ: ਲੱਦਾਖ਼ ਦੀ ਗਲਵਾਨ ਵੈਲੀ ਵਿੱਚ ਭਾਰਤ ਅਤੇ ਚੀਨ ਵਿਚਾਲੇ ਹੋਏ ਵਿਵਾਦ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿੱਚੋਂ 4 ਪੰਜਾਬ ਦੇ ਵੀ ਸਪੂਤ ਸਨ। ਇਨ੍ਹਾਂ ਵਿੱਚੋਂ ਇੱਕ ਮਾਨਸਾ ਦਾ ਗੁਰਤੇਜ ਸਿੰਘ ਵੀ ਸੀ ਜੋ ਸ਼ਹਾਦਤ ਦਾ ਜਾਮ ਪੀ ਗਿਆ।
ਮਾਨਸਾ ਦੇ ਸ਼ਹੀਦ ਗੁਰਤੇਜ ਦੇ ਪਿੰਡ ਦੇ ਲੋਕ ਵੱਡੀ ਤਦਾਦ ਚ ਲੁਧਿਆਣਾ ਦੇ ਧਾਂਦਰਾ ਰੋਡ ਤੇ ਸਥਿਤ ਸ਼ਹੀਦ ਭਗਤ ਸਿੰਘ ਨਗਰ 'ਚ ਰਹਿੰਦੇ ਹਨ। ਇਨ੍ਹਾਂ ਵੱਲੋਂ ਹੀ ਅੱਜ ਸ਼ਹੀਦ ਗੁਰਤੇਜ ਦੀ ਯਾਦ 'ਚ ਖ਼ੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ।
ਇਸ ਖ਼ੂਨਦਾਨ ਕੈਂਪ ਦੀ ਸ਼ੁਰੂਆਤ ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੱਲੋਂ ਕੀਤੀ ਗਈ। ਬੈਂਸ ਨੇ ਇਸ ਦੌਰਾਨ ਖ਼ੂਨ ਦਾਨ ਕੈਂਪ ਵਿੱਚ ਸ਼ਹੀਦਾਂ ਨੂੰ ਯਾਦ ਕਰਦਿਆਂ ਖ਼ੂਨ ਦਾਨ ਕੀਤਾ।
ਇਸ ਦੌਰਾਨ ਉਨ੍ਹਾਂ ਸ਼ਹੀਦ ਗੁਰਤੇਜ ਸਿੰਘ ਨੂੰ ਆਪਣੀ ਸ਼ਰਧਾਂਜਲੀ ਦਿੰਦਿਆਂ ਉਸ ਦੀ ਬਹਾਦਰੀ ਬਾਰੇ ਦੱਸਿਆ। ਸਿਮਰਜੀਤ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਮਾਣ ਹੈ ਕਿ ਉਹ ਦੋ ਫ਼ੀਸਦੀ ਸਿੱਖ ਕੌਮ ਨਾਲ ਸਬੰਧਤ ਨੇ ਪਰ ਇਹ ਦੋ ਫ਼ੀਸਦੀ ਹੀ ਲੱਖਾਂ ਤੇ ਭਾਰੀ ਹਨ।