ਲੁਧਿਆਣਾ: ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਅਕਸਰ ਹੀ ਆਪਣੇ ਨਵੇਂ ਪ੍ਰਾਜੈਕਟਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹੁਣ ਗੜਵਾਸੂ ਦੇ ਵਿੱਚ ਨਵਾਂ ਬਲੱਡ ਬੈਂਕ ਖੁੱਲ੍ਹ ਗਿਆ ਹੈ ਜੋ ਪੂਰੇ ਭਾਰਤ ਵਿੱਚ ਦੂਜੇ ਨੰਬਰ 'ਤੇ ਹੈ।
ਇਸ ਤੋਂ ਇਲਾਵਾ ਸਿਰਫ ਚੇਨੱਈ ਦੇ ਵਿੱਚ ਅਜਿਹੀ ਸੁਵਿਧਾ ਹੈ। ਇਸ ਸੁਵਿਧਾ ਨਾਲ ਹੁਣ ਆਸਾਨੀ ਨਾਲ ਉਨ੍ਹਾਂ ਡੌਗ ਦਾ ਇਲਾਜ ਹੋ ਸਕੇਗਾ ਜੋ ਅਕਸਰ ਖੂਨ ਨਾ ਮਿਲਣ ਕਰਕੇ ਆਪਣੀ ਜਾਨ ਗੁਆ ਬੈਠਦੇ ਸੀ।
ਇਸ ਸਬੰਧੀ ਡਾਕਟਰ ਸੁਕ੍ਰਿਤੀ ਸ਼ਰਮਾ ਨੇ ਦੱਸਿਆ ਕਿ ਦੇਸ਼ ਭਰ 'ਚੋਂ ਕਈ ਹਸਪਤਾਲਾਂ ਵੱਲੋਂ ਇਸ ਪ੍ਰੋਜੈਕਟ ਲਈ ਅਪੀਲ ਕੀਤੀ ਗਈ ਸੀ ਪਰ ਚੇਨੱਈ ਤੋਂ ਬਾਅਦ ਸਿਰਫ਼ ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਨੂੰ ਇਹ ਪ੍ਰਾਜੈਕਟ ਮਿਲਿਆ।
ਉਨ੍ਹਾਂ ਕਿਹਾ ਕਿ 50 ਲੱਖ ਦੀ ਲਾਗਤ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ। ਇਸ ਸੁਵਿਧਾ ਰਾਹੀਂ ਉਹ 28 ਦਿਨ ਘੱਟੋ ਘੱਟ ਟੈਂਪਰੇਚਰ 'ਚ ਖੂਨ ਨੂੰ ਸੁਰੱਖਿਅਤ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਅਤਿ ਅਧੁਨਿਕ ਸੁਵਿਧਾਵਾਂ ਨਾਲ ਲੈਸ ਹੈ।
ਉਨ੍ਹਾਂ ਦੱਸਿਆ ਕਿ ਇੱਕ ਬਰੀਡ ਦੇ ਡੌਗ ਦਾ ਖੂਨ ਦੂਜੀ ਬਰੀਡ ਨੂੰ ਆਸਾਨੀ ਨਾਲ ਚੜ੍ਹਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 25 ਹਜ਼ਾਰ ਤੋਂ ਵੱਧ ਡੌਗ ਹਰ ਸਾਲ ਆਪਣਾ ਇਲਾਜ਼ ਕਰਵਾਉਂਦੇ ਹਨ ਪਰ ਬਲੱਡ ਬੈਂਕ ਨਾ ਹੋਣ ਕਰਕੇ ਕਈਆਂ ਦੀ ਜਾਨ ਚਲੀ ਜਾਂਦੀ ਸੀ ਪਰ ਹੁਣ ਤੱਕ ਉਹ 120 ਕੁੱਤਿਆਂ ਨੂੰ ਖੂਨ ਚੜ੍ਹਾ ਚੁੱਕੇ ਹਨ।
ਦੂਜੇ ਪਾਸੇ ਆਪਣੇ ਡੌਗ ਦਾ ਇਲਾਜ ਕਰਵਾਉਣ ਆਏ ਲੋਕਾਂ ਨੇ ਵੀ ਇਸ ਸੁਵਿਧਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਥੇ ਅਸਾਨੀ ਨਾਲ ਉਹ ਡੌਗ ਦਾ ਇਲਾਜ ਕਰਦੇ ਹਨ ਅਤੇ ਬਲੱਡ ਬੈਂਕ ਦੀ ਸੁਵਿਧਾ ਨਾਲ ਉਹ ਆਪਣੇ ਡੌਗ ਦੀ ਜ਼ਿੰਦਗੀ ਬਚਾ ਸਕਣਗੇ।