ਲੁਧਿਆਣਾ: ਜ਼ਿਲ੍ਹੇ ਵਿੱਚ ਤਾਜਪੁਰ ਰੋਡ 'ਤੇ ਸਥਿਤ ਗੀਤਾ ਨਗਰ ਦੀ ਏ.ਡੀ ਡਾਈਂਗ ਵਿੱਚ ਤੜਕਸਾਰ ਬੁਆਇਲਰ ਵਿੱਚ ਧਮਾਕਾ ਹੋਣ ਕਾਰਨ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ 4 ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਹੈ ਪਰ ਇਸ ਵਿੱਚ ਹੋਰ ਲੋਕਾਂ ਦੇ ਜ਼ਖਮੀ ਤੇ ਇੱਕ ਵਿਅਕਤੀ ਦੀ ਮੌਤ ਹੋਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ।
ਹਾਲਾਂਕਿ ਇਸ ਦੀ ਪੁਸ਼ਟੀ ਨਹੀ ਹੋਈ, ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਰੰਗ ਕਰਨ ਵਾਲੇ ਟੈਂਕ ਦੇ ਪਰਖੱਚੇ ਉੱਡ ਗਏ ਇਥੋਂ ਤੱਕ ਕਿ ਫੈਕਟਰੀ ਦੀ ਕੰਧ ਵੀ ਢਹਿ ਗਈ।
ਪਰਵਾਸੀ ਸੈੱਲ ਦੇ ਚੇਅਰਮੈਨ ਵੱਲੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਫੈਕਟਰੀ ਗ਼ੈਰਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਸੀ। ਉੱਥੇ ਹੀ ਚਸ਼ਮਦੀਦ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਕਾਮਰੇਡ ਵਿਨੋਦ ਕੁਮਾਰ ਨੇ ਦੱਸਿਆ ਕਿ ਫੈਕਟਰੀ ਨਾਜਾਇਜ਼ ਢੰਗ ਨਾਲ ਚਲਾਈ ਜਾ ਰਹੀ ਸੀ ਤੇ ਫੈਕਟਰੀ ਵਿੱਚ ਰਾਤ ਨੂੰ ਮਜ਼ਦੂਰਾਂ ਤੋਂ ਕੰਮ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ 4 ਲੋਕ ਜ਼ਖਮੀ ਹੋ ਗਏ ਹਨ ਜਦੋਂ ਕਿ ਗਿਣਤੀ ਵੱਧ ਸਕਦੀ ਹੈ।
ਘਟਨਾ ਸਬੰਧੀ ਪਤਾ ਲੱਗਦਿਆਂ ਹੀ ਪਰਵਾਸੀ ਸੈੱਲ ਦੇ ਚੇਅਰਮੈਨ ਮੁਹੰਮਦ ਗੁਲਾਬ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ।