ਲੁਧਿਆਣਾ: ਸਾਂਸਦ ਰਵਨੀਤ ਸਿੰਘ ਬਿੱਟੂ ਦੇ ਖ਼ਿਲਾਫ਼ ਭਾਜਪਾ ਵੱਲੋਂ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਲੜੀਵਾਰ ਧਰਨਾ ਸ਼ੁਰੂ ਕੀਤਾ ਗਿਆ ਹੈ। ਇਸੇ ਤਹਿਤ ਲੁਧਿਆਣਾ ਦੇ ਘੰਟਾ ਘਰ ਚੌਂਕ ਵਿਖੇ ਭਾਜਪਾ ਵੱਲੋਂ ਲੜੀਵਾਰ ਧਰਨੇ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਭਾਜਪਾ ਆਗੂਆਂ ਨੂੰ ਸੁਰੱਖਿਆ ਦੇਣ ਲਈ ਪੂਰੇ ਸ਼ਹਿਰ ਦੀ ਨਾਕਾਬੰਦੀ ਕਰਕੇ ਚੌੜਾ ਬਾਜ਼ਾਰ, ਘੰਟਾ ਘਰ ਚੌਂਕ ਦੀ ਸਾਰੀ ਮਾਰਕੀਟ ਅਤੇ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ।
ਵਪਾਰੀਆਂ ਨੂੰ ਪਰੇਸ਼ਾਨ ਦੇਖ ਚੁੱਕਿਆ ਧਰਨਾ
ਧਰਨੇ ਕਾਰਨ ਵਪਾਰੀ ਕਾਫੀ ਪਰੇਸ਼ਾਨ ਹੋ ਗਏ ਜਿਸ ਮਗਰੋਂ ਭਾਜਪਾ ਆਗੂਆਂ ਨੇ ਤੁਰੰਤ ਧਰਨਾ ਤਿੰਨ ਵਜੇ ਦੀ ਥਾਂ ਇੱਕ ਵਜੇ ਹੀ ਖਤਮ ਕਰਨ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਕਿ ਕੱਲ੍ਹ ਤੋਂ ਉਹ ਇਹ ਧਰਨਾ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਲਗਾਉਣਗੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਕਿਹਾ ਕਿ ਪੁਲਿਸ ਨੇ ਸੜਕਾਂ ਨੂੰ ਪੂਰੀ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਵਪਾਰੀ ਵਰਗ ਦੇ ਪ੍ਰੇਸ਼ਾਨ ਹੋਣ ਕਾਰਨ ਉਨ੍ਹਾਂ ਨੇ ਇਹ ਧਰਨਾ ਖਤਮ ਕਰਨ ਦਾ ਫ਼ੈਸਲਾ ਲਿਆ।
ਦੂਜੇ ਪਾਸੇ ਵਪਾਰੀਆਂ ਨੇ ਵੀ ਕਿਹਾ ਕਿ ਧਰਨੇ ਕਰਕੇ ਉਨ੍ਹਾਂ ਦੀ ਦੁਕਾਨਦਾਰੀ ਖਰਾਬ ਹੋ ਰਹੀ ਹੈ ਅਤੇ ਉਹ ਪਹਿਲਾਂ ਹੀ ਮੰਦੀ ਦੇ ਦੌਰ ਤੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਧਰਨੇ ਲਈ ਕੋਈ ਹੋਰ ਥਾਂ ਦੇਣੀ ਚਾਹੀਦੀ ਸੀ ਪਰ ਪੁਲਿਸ ਵੱਲੋਂ ਇਹ ਫ਼ੈਸਲਾ ਨਹੀਂ ਲਿਆ ਗਿਆ।