ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਵੀ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਅੱਠ ਕੈਦੀਆਂ ਵਿੱਚ ਭਾਈ ਰਾਜੋਆਣਾ ਵੀ ਸ਼ਾਮਿਲ ਹਨ ਜਿਨ੍ਹਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕੀਤੀ ਗਈ ਹੈ। ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ 'ਚ ਸਜਾ ਕਟ ਰਹੇ ਹਨ। ਇਸ ਖ਼ਬਰ ਦੀ ਜਾਣਕਾਰੀ ਮਿਲਦਿਆਂ ਹੀ ਭਾਈ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਭਰਾ ਦੀ ਰਿਹਾਈ ਹੋ ਜਾਵੇ ਤਾਂ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਬੀਤੇ 24 ਸਾਲ ਤੋਂ ਜੇਲ੍ਹ 'ਚ ਬੰਦ ਹਨ ਅਤੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰਨ ਲਈ ਉਹ ਵੱਡੇ ਯਤਨ ਵੀ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਜਿਹਾ ਫੈਸਲਾ ਲੈਂਦੀ ਹੈ ਤਾਂ ਇਹ ਇੱਕ ਚੰਗਾ ਫੈਸਲਾ ਹੋਵੇਗਾ।
ਉੱਥੇ ਹੀ ਦੂਜੇ ਪਾਸੇ ਬੇਅੰਤ ਸਿੰਘ ਦੇ ਪੋਤੇ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ ਕਰਨ 'ਤੇ ਵਿਰੋਧ ਜਾਹਿਰ ਕੀਤਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਅਜਿਹਾ ਕਰਦੀ ਹੈ ਤਾਂ ਇਸ ਤੋਂ ਵੱਡਾ ਇਤਿਹਾਸ 'ਚ ਕਾਲਾ ਦਿਨ ਕੋਈ ਨਹੀਂ ਹੋ ਸਕਦਾ। ਬਿੱਟੂ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਕਰਕੇ ਪੰਜਾਬ ਦੀ ਜਵਾਨੀ ਖ਼ਤਮ ਹੋ ਗਈ, ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਇਆ ਉਨ੍ਹਾਂ ਦੀ ਸਜ਼ਾ ਮੁਆਫ ਕਰਨਾ ਗਲਤ ਹੈ। ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਹੋਣ ਹੋਣ ਤੋਂ ਬਾਅਦ ਸਿਆਸੀ ਜਗਤ ਚ ਭੂਚਾਲ ਆ ਗਿਆ ਹੈ ਇੱਕ ਪਾਸੇ ਜਿੱਥੇ ਰਾਜੋਆਣਾ ਦੀ ਭੈਣ ਨੇ ਇਸ ਤੇ ਖੁਸ਼ੀ ਜਤਾਈ ਹੈ ਉਥੇ ਹੀ ਦੂਜੇ ਪਾਸੇ ਰਵਨੀਤ ਬਿੱਟੂ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ ਹੈ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਪ੍ਰਸਤਾਵਿਤ ਰਿਹਾਈਆਂ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਨਾਵਾਂ ਦੀ ਸਿਫ਼ਾਰਸ਼ ਕਰ ਕੇ ਭੇਜੀ ਸੀ ਤੇ ਇਹ ਸਾਰੇ ਨਾਂਅ ਰਿਹਾਈ ਲਈ ਪ੍ਰਵਾਨ ਹੋ ਗਏ ਹਨ।