ਲੁਧਿਆਣਾ: ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਆਪਣੇ ਬਿਆਨ ਦਰਜ ਕਰਵਾਏ। ਜਾਣਕਾਰੀ ਮੁਤਾਬਕ ਬੈਂਸ ਏਡੀਸੀਪੀ ਮੁੱਖ ਦਫਤਰ ਮੈਡਮ ਅਸ਼ਵਨੀ ਗੁਟਿਲ ਦੇ ਦਫ਼ਤਰ ਪਹੁੰਚੇ ਅਤੇ ਇੱਥੇ ਕਰੀਬ ਅੱਧਾ ਘੰਟਾ ਰਹੇ। ਵਿਧਾਇਕ ਬੈਂਸ ਵੱਲੋਂ ਜਾਂਚ ਅਧਿਕਾਰੀ ਸਾਹਮਣੇ ਆਪਣੇ ਬਿਆਨ ਵੀ ਕਲਮਬੰਦ ਕਰਵਾਏ ਗਏ ਹਨ।
ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬੈਂਸ ਜਾਂਚ ਅਧਿਕਾਰੀ ਸਾਹਮਣੇ ਹੋਏ ਪੇਸ਼ ਪੁਲਿਸ ਨੂੰ ਆਪਣੇ ਬਿਆਨ ਦੇਣ ਤੋਂ ਬਾਅਦ ਸਿਮਰਜੀਤ ਬੈਂਸ ਨੇ ਆਪਣੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਅੱਜ ਜੋ ਅਕਾਲੀ ਦਲ ਅਤੇ ਭਾਜਪਾ ਉਨ੍ਹਾਂ ਦੇ ਖ਼ਿਲਾਫ਼ ਧਰਨੇ ਲਗਾ ਰਹੇ ਨੇ ਉਸ ਤੋਂ ਸਾਫ਼ ਹੈ ਕਿ ਇਹ ਪੂਰੀ ਸਾਜ਼ਿਸ਼ ਉਨ੍ਹਾਂ ਵੱਲੋਂ ਹੀ ਘੜੀ ਗਈ ਹੈ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਨਿਰਦੋਸ਼ ਹਨ ਅਤੇ ਅਜਿਹੇ ਇਲਜ਼ਾਮ ਅਤੇ ਝੂਠੇ ਕੇਸ ਪਹਿਲਾਂ ਵੀ ਲੱਗਦੇ ਰਹੇ ਹਨ। ਪਰ ਉਨ੍ਹਾਂ ਨੂੰ ਸਾਰੇ ਮਾਮਲਿਆਂ 'ਚ ਅਦਾਲਤ ਨੇ ਬਰੀ ਕੀਤਾ ਹੈ। ਬੈਂਸ ਨੇ ਕਿਹਾ ਉਨ੍ਹਾਂ ਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ।
ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਪਾਣੀ ਬਚਾਓ ਯਾਤਰਾ ਨੂੰ ਪ੍ਰਭਾਵਿਤ ਕਰਨ ਲਈ ਇਹ ਸਾਰੇ ਇਲਜ਼ਾਮ ਉਨ੍ਹਾਂ 'ਤੇ ਲਗਾਏ ਗਏ ਅਤੇ ਇਹ ਸਭ ਵਿਰੋਧੀ ਪਾਰਟੀਆਂ ਦੀ ਹੀ ਸਾਜ਼ਿਸ਼ ਹੈ।