ਲੁਧਿਆਣਾ: ਲੰਘੇ ਦਿਨ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਘਰ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਆਗੂ ਸੰਨੀ ਕੈਂਥ ਅਤੇ ਸਮਰਥਕਾਂ ਉਪਰ ਕਾਂਗਰਸੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਮਾਮਲੇ 'ਤੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।
ਮਾਮਲੇ ਸਬੰਧੀ ਐਤਵਾਰ ਨੂੰ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਕਾਂਗਰਸ ਪਾਰਟੀ ਉਪਰ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਸੰਨੀ ਦੀ ਪੱਗ ਜਾਣ-ਬੁੱਝ ਕੇ ਉਤਾਰੀ ਗਈ ਅਤੇ ਜਾਤੀ ਸੂਚਕ ਸ਼ਬਦ ਕਹੇ ਗਏ, ਪਰ ਪੁਲਿਸ ਨੇ ਐਫ.ਆਈ.ਆਰ. ਵਿੱਚ ਅਜਿਹਾ ਕੋਈ ਜ਼ਿਕਰ ਨਹੀਂ ਕੀਤਾ ਹੈ।
ਬੈਂਸ ਨੇ ਕਿਹਾ ਕਿ ਲੋਕਤੰਤਰ ਦਾ ਬੀਤੇ ਦਿਨ ਜੋ ਘਾਣ ਕੀਤਾ ਗਿਆ ਹੈ, ਉਸ ਵਿੱਚ ਉਨ੍ਹਾਂ ਨੂੰ ਉਮੀਦ ਸੀ ਕਿ ਪੁਲਿਸ ਇਨਸਾਫ ਕਰੇਗੀ ਪਰ ਅਜਿਹਾ ਵੇਖਣ ਨੂੰ ਨਹੀਂ ਮਿਲ ਰਿਹਾ।
ਮੌਕੇ ਦੀਆਂ ਤਸਵੀਰਾਂ ਵਿਖਾਉਂਦੇ ਹੋਏ ਬੈਂਸ ਨੇ ਕਿਹਾ ਕਿ ਪੁਲਿਸ ਵੱਲੋਂ ਇਹ ਪੂਰੀ ਸਾਜ਼ਿਸ਼ ਕਾਂਗਰਸੀਆਂ ਨਾਲ ਮਿਲ ਕੇ ਕੀਤੀ ਗਈ ਤਾਂ ਜੋ ਸੰਨੀ 'ਤੇ ਹਮਲਾ ਕੀਤਾ ਜਾ ਸਕੇ। ਕਾਂਗਰਸੀ ਵਰਕਰਾਂ ਨੇ ਜਾਣ-ਬੁੱਝ ਕੇ ਪੱਗ ਨੂੰ ਨਿਸ਼ਾਨਾ ਬਣਾ ਕੇ ਹੱਥ ਪਾਇਆ ਅਤੇ ਪੱਗ ਦੀ ਬੇਅਦਬੀ ਕੀਤੀ ਗਈ। ਇਸ ਤੋਂ ਇਲਾਵਾ ਉਸ ਨੂੰ ਜਾਤੀਸੂਚਕ ਸ਼ਬਦ ਬੋਲੇ ਗਏ।
ਉਨ੍ਹਾਂ ਕਿਹਾ ਕਿ ਸ਼ਰੇਆਮ ਗੁੰਡਾਗਰਦੀ ਹੋਣ 'ਤੇ ਵੀ ਪੁਲਿਸ ਮੂਕ ਦਰਸ਼ਕ ਬਣ ਕੇ ਖੜੀ ਰਹੀ। ਇਥੋਂ ਤੱਕ ਕਿ ਪੁਲਿਸ ਨੇ ਐਫ.ਆਈ.ਆਰ. ਵਿੱਚ ਬੇਅਦਬੀ ਅਤੇ ਜਾਤੀਸੂਚਕ ਸ਼ਬਦਾਂ ਬਾਰੇ ਕੋਈ ਜ਼ਿਕਰ ਹੀ ਨਹੀਂ ਕੀਤਾ ਹੈ।
ਬੈਂਸ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵਲੋਂ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਉਨ੍ਹਾਂ ਪੁਲਿਸ ਕਮਿਸ਼ਨਰ ਕੋਲੋਂ ਇਸ ਮਾਮਲੇ ਵਿੱਚ ਜਾਤੀਸੂਚਕ ਅਤੇ ਪੱਗ ਦੀ ਬੇਅਦਬੀ ਦੀਆਂ ਧਾਰਾਵਾਂ ਲਾਉਣ ਅਤੇ ਇਨਸਾਫ ਦੇਣ ਦੀ ਮੰਗ ਕੀਤੀ ਹੈ।