ਖੰਨਾ: ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅੰਤਿਮ ਅਰਦਾਸ ਮੌਕੇ ਪੰਜਾਬੀ ਸੰਗੀਤ ਜਗਤ ਤੋਂ ਇਲਾਵਾ ਕਈ ਸਿਆਸੀ ਆਗੂ ਵੀ ਪਹੁੰਚੇ। ਇਸ ਮੌਕੇ ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੰਤਿਮ ਅਰਦਾਸ ਤੋਂ ਬਾਅਦ ਪੰਜਾਬ ਸਰਕਾਰ ਦੀ ਤਰਫ਼ੋ ਸ਼ਰਧਾਜ਼ਲੀ ਦਿੰਦਿਆ ਗਾਇਕ ਸਰਦੂਲ ਸਿਕੰਦਰ ਦੇ ਘਰ ਨੂੰ ਪਿੰਡ ਬੂਲੇਪੁਰ (ਖੰਨਾ) ਤੋ ਜਾਣ ਵਾਲੀ ਸੜਕ ਦਾ ਨਾਮ ਸਰਦੂਲ ਸਿਕੰਦਰ ਮਾਰਗ ਰੱਖਣ ਦਾ ਐਲਾਨ ਕੀਤਾ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਕੀ ਕੰਮ ਚਾਹੇ ਗਾਇਕ ਸਰਦੂਲ ਸਿਕੰਦਰ ਦੀ ਢੁਕਵੀਂ ਯਾਦਗਰ ਬਣਾਉਣੀ ਹੋਵੇ, ਉਹ ਪਰਿਵਾਰ ਦੀ ਸਲਾਹ ਅਨੁਸਾਰ ਹੀ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਗਾਇਕ ਸਰਦੂਲ ਸਿਕੰਦਰ ਪੰਜਾਬੀ ਗਾਇਕੀ ਦਾ ਅਨਮੋਲ ਹੀਰਾ ਅਤੇ ਸੁਰਾਂ ਦੇ ਬਾਦਸ਼ਾਹ ਸਨ। ਜਿਨ੍ਹਾਂ ਦੇ ਇਸ ਸੰਸਾਰ ਤੋ ਤੁਰ ਜਾਣ ਨਾਲ ਦੇਸ਼-ਵਿਦੇਸ਼ ਅਤੇ ਪੰਜਾਬ ਵਿੱਚ ਬੈਠੇ ਹਰ ਪੰਜਾਬੀ ਨੂੰ ਗਹਿਰਾ ਦੁੱਖ ਪਹੁੰਚਿਆ ਹੈ। ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਗਾਇਕ ਸਰਦੂਲ ਸਿਕੰਦਰ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਇੱਕ ਗਰੀਬ ਪਰਿਵਾਰ ਤੋਂ ਉਪਰ ਉਠ ਕੇ ਸ਼ੌਹਰਤ ਦਾ ਉਹ ਮੁਕਾਮ ਹਾਸਲ ਕੀਤਾ ਜਿਸ ਨੇ ਉਹਨਾਂ ਦਾ ਨਾਂਅ ਕਲਾਸੀਕਲ ਸੰਗੀਤ ਵਿੱਚ ਬਲੰਦੀਆਂ ਦੇ ਮਾਨਚਿੱਤਰ 'ਤੇ ਲਿਖ ਦਿੱਤਾ। ਉਹਨਾਂ ਕਿਹਾ ਕਿ ਗਾਇਕ ਸਰਦੂਲ ਸਿਕੰਦਰ ਦਾ ਪਰਿਵਾਰ ਸਾਡਾ ਪਰਿਵਾਰ ਹੈ ਅਤੇ ਉਹ ਪਰਿਵਾਰ ਨਾਲ ਦਿਲੋਂ ਹਮਦਰਦੀ ਰੱਖਦੇ ਹਨ ਅਤੇ ਹਮੇਸ਼ਾ ਪਰਿਵਾਰ ਦੇ ਨਾਲ ਖੜੇ ਹਨ
ਉਹਨਾਂ ਕਿਹਾ ਕਿ ਬਤੌਰ ਐਮ.ਪੀ ਉਹ ਕੁਝ ਦਿਨ ਬਾਅਦ ਪਰਿਵਾਰ ਕੋਲ ਜਾਣਗੇ ਅਤੇ ਪਰਿਵਾਰ ਦੇ ਹੁਕਮ ਅਨੁਸਾਰ ਹੀ ਕੰਮ ਕਰਨ ਦੇ ਫੈਸਲੇ ਲਏ ਜਾਣਗੇ।ਹਲਕਾ ਵਿਧਾਇਕ ਖੰਨਾ ਸ੍ਰ. ਗੁਰਕੀਰਤ ਸਿੰਘ ਕੋਟਲੀ ਨੇ ਗਾਇਕ ਸਰਦੂਲ ਸਿਕੰਦਰਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਗਾਇਕ ਸਰਦੂਲ ਸਿਕੰਦਰ ਜੀ ਇੱਕ ਮਹਾਨ ਸ਼ਖਸ਼ੀਅਤ ਹੋ ਕੇ ਸਾਡੇ ਸਾਰਿਆਂ ਵਿੱਚੋ ਸਦਾ ਲਈ ਅਲੋਪ ਹੋ ਗਏ ਹਨ। ਸਾਡੇ ਲਈ ਤਾਂ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਉਹ ਖੰਨਾ ਸ਼ਹਿਰ ਦੇ ਵਸਨੀਕ ਸਨ ਅਤੇ ਖੰਨਾ ਦਾ ਨਾਮ ਉਹਨਾਂ ਨੇ ਦੇਸ਼ ਅਤੇ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ। ਇਸ ਮੌਕੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਅਤੇ ਹੋਰ ਬਹੁਤ ਸਾਰੇ ਕੀਰਤਨੀਏ ਜੱਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਫਿਲਮ ਅਤੇ ਸੰਗੀਤ ਜਗਤ ਨਾਲ ਜੁੜੀਆ ਸ਼ਖਸ਼ੀਅਤਾਂ ਤੋ ਇਲਾਵਾ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ, ਕਿਸਾਨ ਆਗੂ ਅਤੇ ਆਮ ਲੋਕ ਵੱਡੀ ਗਿਣਤੀ ‘ਚ ਹਾਜ਼ਰ ਸਨ।
ਇਹ ਵੀ ਪੜ੍ਹੋ:ਸੁਖਬੀਰ ਬਾਦਲ ਨੇ ਲੁਧਿਆਣਾ ਦੌਰੇ ਦੌਰਾਨ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ 'ਤੇ ਸਾਧਿਆ ਨਿਸ਼ਾਨਾ