ਲੁਧਿਆਣਾ: ਭਾਰਤ ਸਰਕਾਰ ਵਲੋਂ ਇਸ ਸਾਲ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ । ਜਿਹਨਾਂ ਦੇ ਵਿੱਚ ਪੰਜਾਬ ਤੋਂ ਦੋ ਅਧਿਆਪਕਾਂ ਦੀ ਚੋਣ ਹੋਈ ਹੈ, ਸੀਬੀਐਸਈ ਬੋਰਡ ਦੇ ਲਈ ਸਤਪਾਲ ਮਿੱਤਲ ਨਿੱਜੀ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਗੋਗੀਆ ਜਦੋਂ ਕਿ ਸਰਕਾਰੀ ਸਕੂਲ ਛਪਾਰ ਦੇ ਅੰਮ੍ਰਿਤਪਾਲ ਸਿੰਘ ਨੂੰ ਚੁਣਿਆ ਗਿਆ ਹੈ ਜੋਕਿ 2021 ਦੇ ਵਿੱਚ ਪੰਜਾਬ ਸਟੇਟ ਐਵਾਰਡ ਵੀ ਹਾਸਲ ਕਰ ਚੁੱਕੇ ਨੇ। ਅਜਿਹਾ ਕਰਨ ਵਾਲੇ ਉਹ ਪੰਜਾਬ ਦੇ ਇਕਲੌਤੇ ਅਧਿਆਪਕ ਹਨ। ਸਿੱਖਿਆ ਦੇ ਖੇਤਰ ਦੇ ਵਿੱਚ ਖ਼ਾਸ ਕਰਕੇ ਕੰਪਿਊਟਰ ਸਾਇੰਸ ਦੇ ਖੇਤਰ ਦੇ ਵਿੱਚ ਉਹਨਾਂ ਨੇ ਬਾ-ਕਮਾਲ ਯੋਗਦਾਨ ਪਾਇਆ ਹੈ ਜਿਸ ਕਰਕੇ ਉਹਨਾਂ ਨੂੰ ਇਸ ਅਵਾਰਡ ਦੇ ਨਾਲ ਨਵਾਜਿਆ ਜਾ ਰਿਹਾ ਹੈ। 5 ਸਤੰਬਰ ਨੂੰ ਦਿੱਲੀ ਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਉਹਨਾਂ ਨੂੰ ਇਹ ਐਵਾਰਡ ਦੇਣਗੇ ਤਿੰਨ ਸਤੰਬਰ ਨੂੰ ਉਹ ਦਿੱਲੀ ਪਹੁੰਚਣਗੇ ਦੋ ਦਿਨ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ਕਿਵੇਂ ਹੋਈ ਸ਼ੁਰੂਆਤ: ਅੰਮ੍ਰਿਤਪਾਲ ਸਿੰਘ ਨੇ 2006 ਦੇ ਵਿੱਚ ਬਤੌਰ ਅਧਿਆਪਕ ਪੜ੍ਹਾਉਣਾ ਸ਼ੁਰੂ ਕੀਤਾ ਸੀ । ਜਿਸ ਵੇਲੇ ਸਰਕਾਰੀ ਸਕੂਲਾਂ ਦੇ ਵਿੱਚ ਕੰਪਿਊਟਰ ਨੂੰ ਕੋਈ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਂਦੀ ਸੀ। ਸਾਲ 2017 ਦੇ ਵਿੱਚ ਉਹਨਾਂ ਨੇ ਸਰਕਾਰੀ ਸਕੂਲ ਛਪਾਰ ਦੇ ਵਿੱਚ ਪੰਜਾਬ ਦਾ ਪਹਿਲਾ ਕੰਪਿਊਟਰ ਪਾਰਕ ਬਣਾਇਆ ਸੀ। ਕੰਪਿਊਟਰ ਸਾਇੰਸ ਦੇ ਖੇਤਰ ਦੇ ਵਿੱਚ ਉਹਨਾਂ ਵੱਲੋਂ ਦਿੱਤੇ ਯੋਗਦਾਨ ਦੇ ਸਦਕਾ 5 ਲੱਖ ਰੁਪਏ ਦਾ ਫੈੱਲੋਸ਼ਿਪ ਐਵਾਰਡ ਵੀ ਉਹਨਾਂ ਨੂੰ ਦਿੱਤਾ ਗਿਆ। 2021 ਵਿੱਚ ਪੰਜਾਬ ਸਟੇਟ ਐਵਾਰਡ ਉਹਨਾਂ ਵੱਲੋਂ ਹਾਸਲ ਕੀਤਾ ਗਿਆ। ਅੰਮ੍ਰਿਤਪਾਲ ਦੇ ਪਿਤਾ ਦਾ ਸੁਪਨਾ ਸੀ ਕਿ ਉਹ ਅਧਿਆਪਕ ਬਣਨ ਪਰ ਆਰਥਿਕ ਤੰਗੀ ਕਰਕੇ ਉਹ ਆਪਣਾ ਸੁਪਨਾ ਪੂਰਾ ਨਹੀਂ ਕਰ ਸਕੇ ਪਰ ਆਪਣੇ ਬੇਟੇ ਦੇ ਵਿੱਚ ਉਹਨਾਂ ਨੇ ਇਸ ਸੁਪਨੇ ਨੂੰ ਪੂਰਾ ਕੀਤਾ।
ਸਭਿਆਚਾਰਕ ਯੋਗਦਾਨ: ਅੰਮ੍ਰਿਤਪਾਲ ਪੰਜਾਬ ਯੂਨੀਵਰਸਿਟੀ ਤੋਂ ਗੋਲਡ ਮੈਡਲਿਸਟ ਹੈ। ਉਹਨਾਂ ਵੱਲੋਂ ਸੱਭਿਆਚਾਰ ਦੇ ਖੇਤਰ ਦੇ ਵਿੱਚ ਅਹਿਮ ਯੋਗਦਾਨ ਪਾਇਆ ਗਿਆ ਹੈ। ਹੁਣ ਤੱਕ ਸਕੂਲ ਦੇ ਵਿੱਚ ਵੱਖ ਵੱਖ ਟੀਮਾਂ ਤਿਆਰ ਕਰਵਾ ਕੇ ਸੱਭਿਆਚਾਰਕ ਮੁਕਾਬਲਿਆਂ 'ਚ ਹਿੱਸਾ ਲੈ ਕੇ ਸਕੂਲ ਦੇ ਵਿਦਿਆਰਥੀਆਂ ਨੂੰ 212 ਦੇ ਕਰੀਬ ਮੈਡਲ ਵੀ ਉਹ ਦਵਾ ਚੁੱਕੇ ਨੇ। ਅੰਮ੍ਰਿਤਪਾਲ ਪੰਜਾਬੀ ਲੋਕ ਸਾਜ਼ਾਂ ਦੀ ਵੀ ਜਾਣਕਾਰੀ ਰੱਖਦੇ ਹਨ। ਖਾਸ ਕਰਕੇ ਮਾਲਵੇ ਦਾ ਮਲਵਈ ਗਿੱਧਾ ਪ੍ਰਫੁਲਿਤ ਕਰਨ ਲਈ ਉਹਨਾਂ ਨੇ ਕਾਫੀ ਸਮਾਂ ਲਗਾਇਆ ਹੈ। ਉਹਨਾਂ ਵੱਲੋਂ ਪੰਜਾਬ ਦੀ ਟੀਮ ਨੂੰ ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਆਂਧਰਾ ਪ੍ਰਦੇਸ਼ ਦੇ ਲੋਕ ਨਾਚ ਦੀ ਟ੍ਰੇਨਿੰਗ ਦੇ ਕੇ ਦੂਜਾ ਇਨਾਮ ਹਾਸਲ ਕਰਵਾਇਆ ਸੀ।
ਮੋਬਾਇਲ ਗੇਮਸ: ਅੰਮ੍ਰਿਤਪਾਲ ਸਿੰਘ ਮੋਬਾਇਲ ਤਕਨੀਕ ਦੀ ਵਰਤੋਂ ਕਰਕੇ ਹੁਣ ਤੱਕ ਕੰਪਿਊਟਰ ਸਾਈਸ ਦੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੀਆਂ 30 ਤੋਂ ਵੱਧ ਗੇਮਾਂ ਵੀ ਬਣਾ ਚੁੱਕੇ ਨੇ। ਜਿਸ ਦੇ ਮਾਧਿਅਮ ਦੇ ਨਾਲ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਦੀ ਜਾਣਕਾਰੀ ਹਾਸਲ ਹੁੰਦੀ ਹੈ। ਇਸ ਤੋਂ ਇਲਾਵਾ ਮੋਬਾਇਲ ਗੇਮਸ ਰਾਹੀਂ ਪੰਜਾਬੀ ਲੋਕ ਸੱਭਿਆਚਾਰ, ਖ਼ਾਸ ਕਰਕੇ ਪੰਜਾਬੀ ਭਾਸ਼ਾ ਦੀਆਂ ਬੋਲੀਆਂ ਆਦਿ ਵੀ ਉਹਨਾਂ ਵੱਲੋਂ ਮੋਬਾਇਲ ਐਪਸ ਰਾਹੀਂ ਤਿਆਰ ਕੀਤੀਆਂ ਗਈਆਂ ਹਨ, ਆਪਣੇ ਸਕੂਲ ਦੇ ਵਿੱਚ ਉਹਨਾਂ ਨੇ ਪੰਜਾਬ ਦੀ ਇਕ ਪਹਿਲੀ ਕੰਪਿਊਟਰ ਲੈਬ ਸਥਾਪਿਤ ਕੀਤੀ ਹੈ ਜੋ ਕਿ ਅਤਿ ਆਧੁਨਿਕ ਸਰਵਰ ਦੇ ਨਾਲ ਚੱਲਦੀ ਹੈ ਅਤੇ ਇਹ ਸਾਰਾ ਸਹਿਯੋਗ ਪਿੰਡ ਦੇ ਹੀ ਐਨ ਆਰ ਆਈ ਭਰਾਵਾਂ ਨੇ ਦਿੱਤਾ ਹੈ।
ਪੰਜਾਬੀ ਲੇਖਕ: ਅੰਮ੍ਰਿਤਪਾਲ ਸਿੰਘ ਨੂੰ ਮੁਸ਼ਾਇਰੇ ਦੇ ਵਿੱਚ ਪਾਲੀ ਖ਼ਾਦਿਮ ਵਜੋਂ ਜਾਣਿਆਂ ਜਾਂਦਾ ਹੈ, ਹੁਣ ਤੱਕ ਉਹ ਚਾਰ ਕਿਤਾਬਾਂ ਦਾ ਪ੍ਰਕਾਸ਼ਨ ਕਰ ਚੁੱਕੇ ਹਨ, ਜੋ ਕਿ ਵੱਖ ਵੱਖ ਵਿਸ਼ਿਆਂ ਦੇ ਨਾਲ ਸਬੰਧਤ ਰਹੀਆਂ ਹਨ। ਜਿਸ ਵਿਚ ਸਵੈ ਦੀ ਤਸਦੀਕ, ਸਾਡੀ ਕਿਤਾਬ ਅਤੇ ਜਾਦੂ ਪੱਤਾ ਵਰਗੀਆਂ ਕਿਤਾਬ ਲਿਖ ਚੁੱਕੇ ਨੇ। ਉਹਨਾਂ ਨੇ ਪੰਜਾਬੀ ਕਵਿਤਾ ਜਗਤ ਦੇ ਵਿੱਚ ਵੀ ਕਈ ਉੱਪਲਭਧਿਆਂ ਹਾਸਿਲ ਕੀਤੀਆਂ ਹਨ। ਉਹਨਾਂ ਨੂੰ ਪਾਲੀ ਖ਼ਾਦਿਮ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਵੱਲੋਂ ਗ਼ਜ਼ਲਾਂ ਦੀ ਕਿਤਾਬਾਂ ਵੀ ਲਿਖੀਆਂ ਗਈਆਂ ਹਨ। ਉਹਨਾਂ ਵੱਲੋਂ ਪੰਜਾਬ ਪੱਧਰ 'ਤੇ ਹੋਣ ਵਾਲੀਆਂ ਕਵਿਤਾਵਾਂ ਅਤੇ ਮੁਸ਼ਾਇਰੇ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਕੇ ਇਨਾਮ ਵੀ ਜਿੱਤੇ ਹਨ।
- Sikh in Hindu Religious Family : ਇੱਕ ਪਰਿਵਾਰ ਵਿੱਚ ਚਾਰ ਜੀਅ, ਤਿੰਨ ਹਿੰਦੂ, ਇੱਕ ਅੰਮ੍ਰਿਤਧਾਰੀ ਸਿੱਖ, ਵੇਖੋ ਇਹ ਖਾਸ ਵੀਡੀਓ
- India Post On Rakhi : ਭਾਰਤੀ ਡਾਕ ਵਿਭਾਗ ਵਲੋਂ ਰੱਖੜੀ ਦੀਆਂ ਖੁਸ਼ੀਆਂ ਨੂੰ ਕੀਤਾ ਗਿਆ ਦੁੱਗਣਾ, ਭਰਾਵਾਂ ਨੂੰ ਰੱਖੜੀ ਭੇਜਣ ਵਾਲੀਆਂ ਭੈਣਾਂ ਲਈ ਇਹ ਸੌਗਾਤ
- Patient Died In Civil Hospital : ਲੁਧਿਆਣਾ ਦੇ ਸਿਵਲ ਹਸਪਤਾਲ ’ਚ ਡਾਕਟਰਾਂ ਦੀ ਲਾਪਰਵਾਹੀ ਨੇ ਲੈ ਲਈ ਮਰੀਜ਼ ਦੀ ਜਾਨ!, ਦੇਖੋ ਹਸਪਤਾਲ ਦੀ ਨਰਸ ਦੇ ਬੇਤੁਕੇ ਜਵਾਬ
ਸਕੂਲ ਦੇ ਸਲੋਗਨ: ਪੰਜਾਬ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਨੂੰ ਉਸ ਦੀ ਦਿੱਖ ਕਰਕੇ ਅਤੇ ਖਾਸ ਕਰਕੇ 6 ਸਮਾਰਟ ਜਮਾਤਾਂ ਕਰਕੇ ਜਾਣਿਆ ਜਾਂਦਾ ਹੈ। ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦਾ ਅਹਿਮ ਰੋਲ ਰਿਹਾ ਹੈ। ਅੰਮ੍ਰਿਤਪਾਲ ਸਿੰਘ ਵੱਲੋਂ ਡੂੰਘੀ ਖੋਜ ਤੋਂ ਬਾਅਦ ਸਲੋਗਨ ਲਿਖੇ ਗਏ ਹਨ ਉਹ ਖੁਦ ਤਿਆਰ ਕੀਤੇ ਹਨ। ਸਕੂਲ ਦੇ ਵਿੱਚ ਕੰਪਿਊਟਰ ਪਾਰਕ ਤੋਂ ਇਲਾਵਾ ਮੈਥ ਪਾਰਕ ਅਤੇ ਸਾਈਸ ਪਾਰਕ ਵੀ ਹੈ। ਜਿਸ ਨੂੰ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਇਹ ਸਿੱਖਿਆ ਦੇਣ ਵਿੱਚ ਕਾਫੀ ਕਾਰਗਰ ਸਾਬਿਤ ਹੋ ਰਹੇ ਹਨ। ਅੰਮ੍ਰਿਤਪਾਲ ਸਿੰਘ ਦਾ ਸਿੱਖਿਆ ਦੇ ਖੇਤਰ ਦੇ ਵਿੱਚ ਅਹਿਮ ਯੋਗਦਾਨ ਹੈ ਜਿਸ ਦੀ ਉਦਾਹਰਨ ਉਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਸਤਿਬਲਿਹਾਰ ਸਿੰਘ ਵੀ ਦਿੰਦੇ ਹਨ। ਜਿੰਨ੍ਹਾਂ ਨੇ ਦੱਸਿਆ ਕਿ ਕਿਸ ਤਰਾਂ ਸਕੂਲ ਦੇ ਵਿੱਚ ਸਭਿਆਚਾਰ, ਸਿੱਖਿਆ ਅਤੇ ਕੰਪਿਊਟਰ ਦੇ ਖੇਤਰ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੇ ਬੇਮਿਸਾਲ ਯੋਗਦਾਨ ਪਾਇਆ ਹੈ।