ਲੁਧਿਆਣਾ: ਲੁਧਿਆਣਾ ਪੂਰਬੀ ਤੋਂ ਕਾਂਗਰਸ ਦੇ ਵਿਧਾਇਕ ਸੰਜੇ ਤਲਵਾੜ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਰਹੀ ਹੈ। ਇਸ ਨੂੰ ਲੈ ਕੇ ਲੁਧਿਆਣਾ ਵਿੱਚ ਸਿਆਸਤ ਗਰਮਾਉਣ ਲੱਗੀ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਸੰਜੇ ਤਲਵਾੜ ਨੇ ਥਾਣਾ ਟਿੱਬਾ ਵਿੱਚ ਅਣਪਛਾਤੇ ਦੇ ਖ਼ਿਲਾਫ਼ ਪਰਚਾ ਦਰਜ ਕਰਵਾਇਆ ਹੈ।
ਉਧਰ ਕੁਝ ਦਿਨ ਪਹਿਲਾਂ ਹੀ ਵਿਧਾਇਕ ਸੰਜੇ ਤਲਵਾੜ ਦੀ ਪਤਨੀ ਦੀ ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਅਕਾਲੀ ਦਲ ਦੇ ਵਾਰਡ ਪ੍ਰਧਾਨ ਪਰਮਜੀਤ ਪੰਮਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਵਾਇਰਲ ਕੀਤੀ ਸੀ ਕਿ ਉਨ੍ਹਾਂ ਦੀ ਪਤਨੀ ਦੀ ਮੌਤ ਬਿਮਾਰੀ ਨਾਲ ਨਹੀਂ ਸਗੋਂ ਜ਼ਹਿਰ ਨਿਗਲਣ ਕਰਕੇ ਮੌਤ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਪਰਮਜੀਤ ਪੰਮਾ 'ਤੇ ਮਾਮਲਾ ਵੀ ਦਰਜ ਕੀਤਾ ਸੀ ਅਤੇ ਹੁਣ ਮੁੜ ਤੋਂ ਉਸ ਦੀਆਂ ਧਰਾਵਾ ਵਿੱਚ ਵਾਧਾ ਕੀਤਾ ਗਿਆ ਹੈ।
ਐਸਐਚਓ ਮੁਹੰਮਦ ਜਮੀਲ ਨੇ ਕਿਹਾ ਕਿ ਪੁਲਿਸ ਨੇ ਪਰਮਜੀਤ ਪੰਮਾਂ ਅਤੇ ਵਿਧਾਇਕ ਦੇ ਖ਼ਿਲਾਫ਼ ਗ਼ਲਤ ਪੋਸਟ ਪਾਉਣ ਨੂੰ ਲੈ ਕੇ ਧਰਾਵਾਂ 'ਚ ਵਾਧਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੰਜੈ ਤਲਵਾੜ ਦੀ ਸ਼ਿਕਾਇਤ 'ਤੇ ਉਨ੍ਹਾਂ ਦੀ ਇੱਕ ਵੀਡੀਓ ਨੂੰ ਲੈ ਕੇ ਉਨ੍ਹਾਂ ਨੂੰ ਬਲੈਕ ਮੇਲ ਕਰਨ ਦੇ ਮਾਮਲੇ ਵਿੱਚ ਵੀ ਅਣਪਛਾਤੇ ਵਿਅਕਤੀਆਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਈਬਰ ਸੈੱਲ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
ਲੁਧਿਆਣਾ ਦੇ ਅਕਾਲੀ ਦਲ ਤੋਂ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਵੀ ਇਸ 'ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਪਰਮਜੀਤ ਪੰਮਾਂ 'ਤੇ ਜੋ ਪਹਿਲਾ ਮਾਮਲਾ ਦਰਜ ਕੀਤਾ ਸੀ ਉਸ ਬਾਰੇ ਤਾਂ ਕੋਈ ਟਿੱਪਣੀ ਨਹੀਂ ਕਰਦੇ ਪਰ ਮੁੜ ਤੋਂ ਉਸ 'ਤੇ ਲਾਈਆਂ ਧਾਰਾਵਾਂ 'ਚ ਵਾਧਾ ਕੀਤਾ ਗਿਆ ਹੈ ਉਹ ਮੰਦਭਾਗੀ ਗੱਲ ਹੈ ਇਸ ਸਬੰਧੀ ਉਹ ਹਾਈਕਮਾਨ ਨੂੰ ਦੱਸਣਗੇ।