ਲੁਧਿਆਣਾ: ਜਿੱਥੇ ਇੱਕ ਪਾਸੇ ਪੂਰਾ ਦੇਸ਼ ਹੋਲੀ ਦਾ ਤਿਉਹਾਰ ਮਨਾ ਰਿਹਾ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਲੁਧਿਆਣਾ ਵਿਖੇ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਨੂੰ ਦੁੱਧ ਨਾਲ ਧੋ ਕੇ ਉਸ ਦੀ ਸਫ਼ਾਈ ਕਰਕੇ ਹੋਲੀ ਦਾ ਤਿਉਹਾਰ ਮਨਾਇਆ ਗਿਆ।
ਇਸ ਮੌਕੇ ਅਕਾਲੀ ਆਗੂ ਗੁਰਦੀਪ ਗੋਸ਼ਾ ਨੇ ਕਿਹਾ ਕਿ ਸਾਡੇ ਦੇਸ਼ ਦੇ ਸ਼ਹੀਦਾਂ ਨੂੰ ਸਿਰਫ਼ ਸ਼ਹੀਦੀ ਦਿਹਾੜਿਆਂ ਜਾਂ ਉਨ੍ਹਾਂ ਦੇ ਜਨਮ ਦਿਨ 'ਤੇ ਹੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪਰਿਵਾਰਾਂ ਤੋਂ ਇਲਾਵਾ ਉਨ੍ਹਾਂ ਸ਼ਹੀਦਾਂ ਨਾਲ ਵੀ ਇਹ ਤਿਉਹਾਰ ਸਾਂਝੇ ਕਰਨੇ ਚਾਹੀਦੇ ਨੇ ਜਿਨ੍ਹਾਂ ਕਰਕੇ ਅਸੀਂ ਆਜ਼ਾਦੀ ਨਾਲ ਜੀ ਰਹੇ ਹਾਂ।
ਦੱਸਣਯੋਗ ਹੈ ਕਿ ਗੁਰਦੀਪ ਗੋਸ਼ਾ ਉਹੀ ਅਕਾਲੀ ਆਗੂ ਹੈ ਜਿਸ ਨੇ 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਕਰਦਿਆਂ ਉਨ੍ਹਾਂ ਦੇ ਬੁੱਤ 'ਤੇ ਕਾਲਖ ਪੋਤੀ ਸੀ।
ਗੋਸ਼ਾ ਨੇ ਕਿਹਾ ਕਿ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਸਾਂਭ ਸੰਭਾਲ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਨੇ ਜੋ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਉਹ ਬੇਮਿਸਾਲ ਹਨ।
ਜ਼ਿਕਰਯੋਗ ਹੈ ਕਿ ਸ਼ਹੀਦ ਮੇਜਰ ਭੁਪਿੰਦਰ ਸਿੰਘ 1965 ਦੀ ਜੰਗ ਦੇ ਨਾਇਕ ਸਨ ਪਰ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨਾਂ ਵੱਲੋਂ ਵਾਹ-ਵਾਹੀ ਖੱਟਣ ਲਈ ਸ਼ਹੀਦਾਂ ਦੇ ਬੁੱਤਾ ਤਾਂ ਲਗਾ ਦਿੱਤੇ ਜਾਂਦੇ ਹਨ ਪਰ ਉਨ੍ਹਾਂ ਦੀ ਸਾਂਭ-ਸੰਭਾਲ ਨਹੀਂ ਕੀਤੀ ਜਾਂਦੀ।