ਲੁਧਿਆਣਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਐਸਜੀਪੀਸੀ ਦੇ ਕਮਜ਼ੋਰ ਹੋਣ ਦੇ ਦਿੱਤੇ ਬਿਆਨ ਤੋਂ ਬਾਅਦ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ਜਥੇਦਾਰ ਸਾਹਬ ਐਸਜੀਪੀਸੀ ਕਮਜ਼ੋਰ ਹੋਈ ਨਹੀਂ ਉਸ ਨੂੰ ਕੀਤਾ ਗਿਆ ਹੈ।
ਇਸ ਦੌਰਾਨ ਉਨ੍ਹਾਂ ਅਕਾਲੀ ਦਲ ’ਤੇ ਸਵਾਲ ਵੀ ਖੜ੍ਹੇ ਕੀਤੇ ਹਨ। ਇਸ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਬਿਆਨ ਸਿੰਘ ਸਾਹਿਬ ਨੇ ਕਿਸੇ ਹੋਰ ਸੰਦਰਭ ਵਿੱਚ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, 2 ਸਾਬਕਾ ਮੈਂਬਰ ਪਾਰਲੀਮੈਂਟ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੇਜਰੀਵਾਲ ਨੂੰ ਮਿਲਣ ਲਈ ਮੀਂਹ ਚ ਖੜ੍ਹੇ ਰਹੇ ਪਰ ਓਹ ਨਹੀਂ ਮਿਲੇ।
ਰਵਨੀਤ ਬਿੱਟੂ ਦੇ ਬਿਆਨ ਦਾ ਵੀ ਜਵਾਬ ਦਿੰਦਿਆਂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਬਿੱਟੂ ਖੁਦ ਐੱਸ ਜੀ ਪੀ ਸੀ ਦੇ ਝੁੰਡੀ ਵੱਢ ਕੇ ਵੇਖ ਲੈਣ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਕਮੇਟੀ ਕਿੰਨੀ ਕਮਜ਼ੋਰ ਹੈ ਤੇ ਕਿੰਨੀ ਤਕੜੀ ਹੈ। ਉਨ੍ਹਾਂ ਬਿਆਨ ਨੂੰ ਬਦਲਦਿਆਂ ਇਹ ਵੀ ਕਿਹਾ ਕਿ ਜਥੇਦਾਰ ਨੇ ਇੱਕ ਹੋਰ ਸਿੱਖ ਕੌਮ ਨੂੰ ਸੁਨੇਹਾ ਦਿੱਤਾ ਹੈ ਕੇ ਬੰਦੀ ਸਿੰਘਾਂ ਦੀ ਤਸਵੀਰ ਤੇ ਉਨ੍ਹਾਂ ਨਾਲ ਸਬੰਧਿਤ ਸੂਬੇ ਦੀ ਸਰਕਾਰ ਦਾ ਜ਼ਿਕਰ ਗੁਰਦੁਆਰਾ ਸਾਹਿਬਾਨਾਂ ਅੰਦਰ ਲਿਖਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਵੱਡੀ ਗੱਲ ਹੈ ਕਿਉਂਕਿ ਇਸ ਨਾਲ ਆਉਣ ਵਾਲੀ ਪੀੜ੍ਹੀ ਤੇ ਹਿੰਦੁਸਤਾਨ ਦੇ ਇਤਿਹਾਸ ਚ ਇਹ ਦਰਜ ਹੋਵੇਗਾ ਕੇ ਕਿਵੇਂ ਘਟ ਗਿਣਤੀਆਂ ਦੀ ਅਵਾਜ਼ ਨੂੰ ਕੁਚਲਿਆ ਗਿਆ ਹੈ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਪੋਸਟ ਪਾਈ ਸੀ ਜਿਸ ਵਿੱਚ ਉਹਨਾਂ ਲਿਖਿਆ ਸੀ ਕਿ ਐਸਜੀਪੀਸੀ ਕਮਜ਼ੋਰ ਹੋਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੂੰ ਗੁਰਬਾਣੀ ਅਤੇ ਗੁਰੂ ਘਰ ਨਾਲ ਜੋੜਨ ਦੀ ਬਜਾਏ ਉਨ੍ਹਾਂ ਨੂੰ ਅੱਤਵਾਦੀਆਂ ਅਤੇ ਲੁਟੇਰਿਆਂ ਡਾਕੂਆਂ ਦੀਆਂ ਤਸਵੀਰਾਂ ਗੁਰੂ ਘਰ ਲਾਉਣ ਅਤੇ ਉਨ੍ਹਾਂ ਨੂੰ ਰਿਹਾ ਕਰਨ ਲਈ ਲੇਲੜੀਆਂ ਕੱਢ ਰਹੇ ਹੋ।
ਇਹ ਵੀ ਪੜ੍ਹੋ: ਫਿਰੌਤੀ ਦੇ ਕੇ ਭਰਾ ਦਾ ਕਰਵਾਇਆ ਕਤਲ !