ਲੁਧਿਆਣਾ: ਬੇਮੌਸਮੀ ਬਰਸਾਤ, ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਨੇ ਸੂਬੇ ਭਰ ਵਿੱਚ ਕਣਕ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਨੁਮਾਨ ਅਨੁਸਾਰ ਇਸ ਵਾਰ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ 10 ਤੋਂ 15 ਫ਼ੀਸਦੀ ਝਾੜ ਦਾ ਨੁਕਸਾਨ ਹੋ ਸਕਦਾ ਹੈ। ਕੇਂਦਰ ਸਰਕਾਰ ਵੱਲੋਂ ਇਸ ਸਾਲ ਪੰਜਾਬ ਤੋਂ 25 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਹੋਇਆ ਹੈ ਜਦੋਂ ਕੇ ਸੂਬੇ ਵਿੱਚ ਕੁੱਲ 34.90 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਈ ਹੈ।
ਕਿਹੜੇ ਜ਼ਿਲ੍ਹਿਆਂ ਵਿੱਚ ਹੋਇਆ ਨੁਕਸਾਨ: ਪੰਜਾਬ ਵਿੱਚ ਬੇਮੌਸਮੀ ਮੀਂਹ ਦੇ ਨਾਲ ਫਾਜ਼ਿਲਕਾ ਉਨ੍ਹਾਂ ਜ਼ਿਲ੍ਹਿਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਰਿਪੋਰਟਾਂ ਅਨੁਸਾਰ 50 ਫੀਸਦੀ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ। ਮੋਗਾ, ਬਠਿੰਡਾ, ਮਾਨਸਾ, ਮੁਕਤਸਰ, ਫਿਰੋਜ਼ਪੁਰ, ਕਪੂਰਥਲਾ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ 15 ਤੋਂ 20 ਫੀਸਦੀ ਕਣਕ ਦੀ ਫਸਲ ਖਰਾਬ ਹੋ ਗਈ ਹੈ। ਲੁਧਿਆਣਾ ਵਿੱਚ ਢਾਈ ਲੱਖ ਰਕਬੇ ਵਿੱਚ ਕਣਕ ਲਾਈ ਗਈ ਜਿਨ੍ਹਾਂ ਵਿੱਚ 90 ਹਜ਼ਾਰ ਦੇ ਕਰੀਬ ਰਕਬੇ ਵਿੱਚ 20 ਤੋਂ 33 ਫੀਸਦੀ ਦਾ ਨੁਕਸਾਨ ਹੋਇਆ। ਜਦੋਂ ਕਿ 33 ਤੋਂ 70 ਫੀਸਦੀ ਨੁਕਸਾਨ 25 ਹਜ਼ਾਰ ਹੈਕਟੇਅਰ ਰਕਬੇ ਵਿੱਚ ਹੋਇਆ ਹੈ। ਇਸੇ ਤਰ੍ਹਾਂ ਸਰੋਂ ਦਾ ਲੁਧਿਆਣਾ ਵਿੱਚ ਇਸ ਵਾਰ 800 ਹੈਕਟੇਅਰ ਰਕਬਾ ਲਗਾਇਆ ਗਿਆ ਸੀ ਜਿਸ ਵਿੱਚ 200 ਦੇ ਕਰੀਬ ਰਕਬਾ 20 ਤੋਂ 33 ਫੀਸਦੀ, ਅਤੇ 150 ਦੇ ਕਰੀਬ 33 ਤੋਂ 70 ਫੀਸਦੀ ਰਕਬੇ ਦੇ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ।
ਕਿਸਾਨ ਕਿਵੇਂ ਬਚਾਉਣ ਫਸਲ: ਬੇਮੌਸਮੀ ਬਰਸਾਤ ਨਾਲ ਨੁਕਸਾਨੀ ਹੋਈ ਫ਼ਸਲ ਨੂੰ ਜੇਕਰ ਕਿਸਾਨਾਂ ਨੇ ਬਚਾਉਣਾ ਹੈ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਉਹ ਡਿੱਗੀ ਹੋਈ ਫਸਲ ਦੀ ਕਟਾਈ ਨਾ ਕਰਨ, ਉਹ ਕਣਕ ਨੂੰ ਚੰਗੀ ਤਰ੍ਹਾਂ ਪੱਕਣ ਦੀ ਉਡੀਕ ਕਰਨ। ਜੇਕਰ ਉਹ ਹਰੀ ਕਣਕ ਵੱਢ ਲੈਣਗੇ ਤਾਂ ਨੁਕਸਾਨ ਜਿਆਦ ਹੋਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਨੇ ਦੱਸਿਆ ਕਿ ਕਣਕ ਬੀਜਣ ਦੇ ਢੰਗ, ਕਣਕ ਨੂੰ ਪਾਣੀ ਲਾਉਣ ਦੇ ਤਰੀਕੇ ਅਤੇ ਬੀਜ ਕਰਕੇ ਜਿਨ੍ਹਾਂ ਇਲਾਕਿਆਂ ਵਿੱਚ ਜ਼ਿਆਦਾ ਨੁਕਸਾਨ ਹੋਇਆ ਹੈ ਉਹ ਇਸ ਦੀ ਵਜ੍ਹਾ ਬਣੇ ਹਨ। ਡਾਕਟਰ ਅਜਮੇਰ ਸਿੰਘ ਢੱਠ ਨੇ ਦੱਸਿਆ ਕਿ ਕਿਸਾਨ ਫਸਲ ਵੱਢਣ ਦੇ ਵਿੱਚ ਕਾਹਲੀ ਨਾ ਕਰਨ, ਫਸਲ ਚੰਗੀ ਤਰ੍ਹਾਂ ਪੱਕ ਲੈਣ ਦੇਣ ਅਤੇ ਉਸ ਤੋਂ ਬਾਅਦ ਵੱਢਣ ਤੋਂ ਬਾਅਦ ਸੁਕਾ ਲੈਣਾ, ਉਸ ਤੋਂ ਬਾਅਦ ਹੀ ਮੰਡੀ ਲੈਕੇ ਜਾਣ। ਇਸ ਤਰੀਕੇ ਨਾਲ ਕਿਸਾਨਾਂ ਦਾ 20 ਫੀਸਦੀ ਤੋਂ ਵੀ ਘੱਟ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਅਜਿਹੀਆਂ ਕੰਪਾਈਨ ਵੀ ਆ ਗਈਆਂ ਹਨ ਜੋ ਹੇਠਾਂ ਡਿੱਗੀ ਹੋਈ ਕਣਕ ਦੀ ਕਟਾਈ ਕਰ ਦਿੰਦੀਆਂ ਹਨ। ਇਸ ਇਲਾਵਾ ਹੱਥ ਨਾਲ ਵੀ ਕਣਕ ਵਾਢੀ ਕੀਤੀ ਜਾ ਸਕਦੀ ਹੈ।
ਖੇਤੀਬਾੜੀ ਅਫ਼ਸਰ ਦੀ ਸਲਾਹ: ਲੁਧਿਆਣਾ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਕਿਹਾ ਹੈ ਕਿ ਬੇਮੌਸਮੀ ਬਰਸਾਤ ਪੈਣ ਦੇ ਨਾਲ ਕਣਕ ਦਾ ਨੁਕਸਾਨ ਜ਼ਰੂਰ ਹੋਇਆ ਹੈ ਪਰ ਨੁਕਸਾਨ ਇੰਨਾਂ ਵੱਡਾ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਮੁੜ ਤੋਂ ਮੀਂਹ ਪੈਂਦੇ ਹਨ ਤਾਂ ਫਿਰ ਨੁਕਸਾਨ ਵਿੱਚ ਜ਼ਿਆਦਾ ਵਾਧਾ ਹੌ ਸਕਦਾ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਬਾਕੀ ਫ਼ਸਲਾਂ ਦਾ ਵੀ ਉਸੇ ਤਰ੍ਹਾਂ ਨੁਕਸਾਨ ਹੋਇਆ ਹੈ, ਉਨ੍ਹਾਂ ਕਿਹਾ ਕਿ ਸਾਡਾ ਕਿਸਾਨ ਸਮਝਦਾਰ ਹੈ ਉਸ ਨੂੰ ਪਤਾ ਹੈ ਕਿ ਫਸਲ ਨੂੰ ਕਿਵੇਂ ਬਚਾਉਣਾ ਹੈ। ਉਨ੍ਹਾਂ ਮੰਨਿਆ ਕਿ ਬੇਮੌਸਮੀ ਬਰਸਾਤ ਹੋਈ ਹੈ ਇਸ ਦਾ ਅਸਰ ਝਾੜ ਉੱਤੇ ਜ਼ਰੂਰ ਹੋਇਆ ਹੈ, ਪਰ 80 ਫੀਸਦੀ ਤੱਕ ਕਣਕ ਨੂੰ ਬਚਾਇਆ ਜਾ ਸਕਦਾ ਹੈ, ਜੇਕਰ ਕਿਸਾਨ ਸੂਝ-ਬੂਝ ਨਾਲ ਸਾਰੇ ਕੰਮ ਮੁਕੰਮਲ ਕਰਨ।
ਇਹ ਵੀ ਪੜ੍ਹੋ: Delhi Liquor Scam: ਦਲੀਲਾਂ ਕੰਮ ਨਾ ਆਉਣ ਕਾਰਨ ਮੁਸੀਬਤ 'ਚ ਸਿਸੋਦੀਆ, 'ਆਪ' ਹੁਣ ਹਾਈਕੋਰਟ 'ਚ ਕਰੇਗੀ ਪਹੁੰਚ