ਸਮਰਾਲਾ: ਕਰਫ਼ਿਊ ਵਿੱਚ ਢਿੱਲ ਦੇਣ ਮਗਰੋਂ ਪੰਜਾਬ ਵਿੱਚ ਕੋਰੋਨਾ ਨੇ ਮੁੜ ਰਫ਼ਤਾਰ ਫੜ੍ਹ ਲਈ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਫ਼ਿਰ ਤੋਂ ਦਹਿਸ਼ਤ ਵਰਗਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਹੁਣ ਤੱਕ ਕੋਰੋਨਾ ਤੋਂ ਬਚਾਅ ਵਿੱਚ ਚੱਲ ਰਹੇ ਸਮਰਾਲਾ ਸ਼ਹਿਰ ਵਿੱਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ ਅਤੇ ਸ਼ਨਿਚਰਵਾਰ ਨੂੰ 30 ਸਾਲਾ ਇੱਕ ਨੌਜਵਾਨ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਣ ਮਗਰੋਂ ਇਹ ਸ਼ਹਿਰ ਦਾ ਪਹਿਲਾ ਕੇਸ ਹੈ।
ਹਾਲਾਂਕਿ ਇਸ ਤੋਂ ਪਹਿਲਾ ਸਬ ਡਵੀਜ਼ਨ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਿਤ ਨਾਂਦੇੜ ਸਾਹਿਬ ਤੋਂ ਪਰਤੇ 16 ਸ਼ਰਧਾਲੂਆਂ ਵਿੱਚ ਕੋਰੋਨਾ ਪੌਜ਼ੀਟਿਵ ਦੀ ਪੁਸ਼ਟੀ ਹੋਈ ਸੀ। ਜਿਸ ਮਗਰੋਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ ਸੀ ਅਤੇ ਠੀਕ ਹੋਣ ਉਪਰੰਤ ਇਹ ਸਾਰੇ ਸ਼ਰਧਾਲੂ ਛੁੱਟੀ ਦੇ ਕੇ ਘਰ ਭੇਜ ਦਿੱਤੇ ਗਏ ਸਨ।
ਜਿਹੜਾ ਨੌਜਵਾਨ ਕੋਰੋਨਾ ਪੌਜ਼ੀਟਿਵ ਆਇਆ ਹੈ, ਇਸ ਨੂੰ ਸਿਹਤ ਵਿਭਾਗ ਨੇ ਕੁੱਝ ਦਿਨ ਪਹਿਲਾ ਹੀ ਘਰ ਵਿੱਚ ਆਈਸੋਲੇਟ ਕਰਦੇ ਹੋਏ, ਉਸ ਦੇ ਅਤੇ ਉਸ ਦੀ ਪਤਨੀ ਦੇ ਸੈਂਪਲ ਜਾਂਚ ਲਈ ਭੇਜੇ ਸਨ।
ਅੱਜ ਇਸ ਨੌਜਵਾਨ ਦੀ ਰਿਪੋਰਟ ਪੌਜ਼ੀਟਿਵ ਆਉਣ 'ਤੇ ਉਸ ਦੇ ਪਰਿਵਾਰ ਮੈਂਬਰਾਂ ਜਿਸ ਵਿੱਚ ਉਸ ਦੀ ਮਾਤਾ, ਭੈਣ ਅਤੇ ਪੁੱਤਰ ਨੂੰ ਆਈਸੋਲੇਟ ਕੀਤਾ ਗਿਆ ਹੈ। ਜਦਕਿ ਉਸ ਦੀ ਪਤਨੀ ਦੀ ਰਿਪੋਰਟ ਨੌਗੇਟਿਵ ਆਈ ਹੈ। ਸਿਹਤ ਵਿਭਾਗ ਦੀ ਟੀਮ ਸ਼ਹਿਰ ਦੇ ਮਾਛੀਵਾੜਾ ਰੋਡ ਦੇ ਇਸ ਇਲਾਕੇ ਨੂੰ ਸੈਨੇਟਾਈਜ਼ ਕਰਵਾਉਣ ਸਮੇਤ ਹੋਰ ਜਰੂਰੀ ਲੋੜੀਂਦੇ ਕਦਮ ਚੁੱਕਣ ਵਿੱਚ ਜੁੱਟੀ ਹੋਈ ਹੈ।