ਲੁਧਿਆਣਾ: ਸ਼ਹਿਰ ਦੇ ਇੱਕ ਵਕੀਲ ਨਾਲ ਐਸਟੀਐਫ਼ ਇੰਚਾਰਚ ਹਰਬੰਸ ਸਿੰਘ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਵਰੁਣ ਗਰਗ ਨਾਂਅ ਦੇ ਇੱਕ ਵਕੀਲ 'ਤੇ ਐਸਟੀਐਫ ਇੰਚਾਰਜ ਹਰਬੰਸ ਸਿੰਘ ਨੇ ਗ਼ਲਤੀ ਨਾਲ ਮੁਲਜ਼ਮ ਸਮਝ ਕੇ ਕੁਟਾਪਾ ਚਾੜ੍ਹ ਦਿੱਤਾ ਸੀ ਜਿਸ ਤੋਂ ਬਾਅਦ ਗੁੱਸੇ 'ਚ ਆਏ ਵਕੀਲਾਂ ਨੇ ਜ਼ਿਲ੍ਹਾ ਕਚਹਿਰੀ ਦੇ ਬਾਹਰ ਵਕੀਲਾਂ ਨੇ ਕੰਮਕਾਜ ਠੱਪ ਕਰਕੇ ਫ਼ਿਰੋਜ਼ਪੁਰ ਰੋਡ ਨੂੰ ਜਾਮ ਕਰ ਦਿੱਤਾ।
ਪੀੜਤ ਵਕੀਲ ਵਰੁਣ ਗਰਗ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਣੇ ਜਦੋਂ ਦੋਰਾਹੇ ਨੇੜੇ ਪਹੁੰਚਿਆ ਤਾਂ ਪਿੱਛੋਂ ਇੱਕ ਕਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਅਤੇ ਜਦੋਂ ਕਾਰ ਨੇ ਉਨ੍ਹਾਂ ਨੂੰ ਅੱਗੇ ਰੋਕਿਆ ਤਾਂ ਵਿੱਚੋਂ ਐੱਸਟੀਐੱਫ ਇੰਚਾਰਜ ਹਰਬੰਸ ਸਿੰਘ ਅਤੇ ਉਸ ਦੇ ਨਾਲ ਪੁਲਿਸ ਦੇ ਕੁੱਝ ਸਾਥੀ ਉੱਤਰੇ ਅਤੇ ਉੱਤਰਦਿਆਂ ਹੀ ਹਰਬੰਸ ਸਿੰਘ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਬੇਕਸੂਰ ਵਿਅਕਤੀ ਨਾਲ ਕੁੱਟਮਾਰ ਕਰ ਦਿੱਤੀ ਤਾਂ ਪੁਲਿਸ ਨੇ ਉਸ ਖ਼ਿਲਾਫ਼ ਨਾਜਾਇਜ਼ ਨਸ਼ੇ ਦਾ ਪਰਚਾ ਪਾਉਣ ਦੀ ਧਮਕੀ ਵੀ ਦਿੱਤੀ।
ਇਹ ਵੀ ਪੜ੍ਹੋ: ਡੀਜੀਪੀ ਦੇ ਬਿਆਨ ਦਾ ਅਸਰ ਸ਼ੁਰੂ, ਸ਼ਰਧਾਲੂਆਂ ਨੂੰ ਘਰੇ ਜਾ ਕੇ ਪੁਲਿਸ ਕਰ ਰਹੀ ਹੈ ਤੰਗ
ਧਰਨੇ 'ਤੇ ਬੈਠੇ ਵਕੀਲ ਵਰੁਣ ਗਰਗ ਨੇ ਮੰਗ ਕੀਤੀ ਹੈ ਕਿ ਹਰਬੰਸ ਸਿੰਘ ਨੂੰ ਸਸਪੈਂਡ ਕੀਤਾ ਜਾਵੇ ਅਤੇ ਉਸ ਵੱਲੋਂ ਦਰਜ ਕੀਤੇ ਗਏ ਪਰਚਿਆਂ ਦੀ ਵੀ ਹਾਈ ਕੋਰਟ ਪੱਧਰ ਦੀ ਜਾਂਚ ਕਰਵਾਈ ਜਾਵੇ। ਉਧਰ ਵਰੁਣ ਗਰਗ ਦੀ ਪਤਨੀ ਨੇ ਵੀ ਇਨਸਾਫ਼ ਦੀ ਮੰਗ ਕੀਤੀ ਹੈ।