ਲੁਧਿਆਣਾ: ਸੁਫ਼ਨਾ ਫਿਲਮ ਦੇ ਗੀਤ ਕਬੂਲ ਹੈ ਦੇ ਵਿੱਚ ਰਸੂਲ ਸ਼ਬਦ ਦੀ ਵਰਤੋਂ ਕਰਨ ਤੋਂ ਬਾਅਦ ਫਿਲਮ ਦੇ ਅਦਾਕਾਰ ਐਮੀ ਵਿਰਕ ਅਤੇ ਲੇਖਕ ਜਾਨੀ ਓਦੋਂ ਵਿਵਾਦ ’ਚ ਘਿਰ ਗਏ ਸਨ, ਜਦ ਸਭ ਤੋਂ ਪਹਿਲਾਂ ਜਸਨੂਰ ਨਾਮੀ ਲੜਕੀ ਵੱਲੋਂ ਧਿਆਨ ਦਿਵਾਉਣ ਤੋਂ ਬਾਅਦ ਨਾਇਬ ਸਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਇਸ ਮਾਮਲੇ ਨੂੰ ਲੈਕੇ ਜਾਮਾ ਮਸਜਿਦ ਲੁਧਿਆਣਾ ਤੋਂ ਐਲਾਨ ਕੀਤਾ ਗਿਆ ਸੀ।
ਇਸ ਮਾਮਲੇ ਨੂੰ ਲੈਕੇ ਮਾਲੇਰਕੋਟਲਾ ਪਟਿਆਲਾ ਅਤੇ ਜਲੰਧਰ ’ਚ ਵੀ ਮੁਸਲਮਾਨ ਭਾਈਚਾਰੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤੇ ਗਏ। ਇਸੀ ਦੌਰਾਨ ਇਹ ਮਾਮਲਾ ਅੱਜ ਉਸ ਵਕਤ ਖ਼ਤਮ ਹੋ ਗਿਆ, ਜਦੋਂ ਫਿਲਮ ਦੇ ਅਦਾਕਾਰ ਐਮੀ ਵਿਰਕ, ਲੇਖਕ ਜਾਨੀ ਤੇ ਪਿੰਕੀ ਧਾਲੀਵਾਲ ਲੁਧਿਆਣਾ ਪਹੁੰਚੇ ਅਤੇ ਉਨ੍ਹਾਂ ਨੇ ਨਾਇਬ ਸ਼ਾਹੀ ਇਮਾਮ ਸਾਹਿਬ ਨਾਲ ਮੁਲਕਾਤ ਕਰ ਇਹ ਸੱਪਸ਼ਟ ਕੀਤਾ ਕਿ ਸੁਫ਼ਨਾ ਫਿਲਮ ਦੇ ਗੀਤ ਕਬੂਲ ਹੈ, ਦੇ ’ਚ ਰਸੂਲ ਸ਼ਬਦ ਦਾ ਇਸਤੇਮਾਲ ਅਣਜਾਣੇ ’ਚ ਹੋ ਗਿਆ, ਫਿਲਮ ਦੇ ਹੀਰੋ ਤੇ ਲੇਖਕ ਨੇ ਕਿਹਾ ਕਿ ਸਾਡੀ ਕੋਈ ਗਲਤ ਮਨਸ਼ਾ ਅਤੇ ਨੀਅਤ ਨਹੀਂ ਸੀ।
ਉਧਰ ਫਿਲਮ ਦੇ ਲੇਖਕ ਜਾਨੀ ਨੇ ਕਿਹਾ, ਕਿ ਅਸੀਂ ਅੱਲਾਹ ਤਾਆਲਾ ਅਤੇ ਰਸੂਲ-ਏ-ਖੁਦਾ ਹਜਰਤ ਮੁਹੰਮਦ ਸਾਹਿਬ ਸਲੱਲਲਾਹੂ ਅਲੈਹੀ ਵਸਲਮ ਦਾ ਦਿਲ ਤੋਂ ਸਤਿਕਾਰ ਕਰਦੇ ਹਾਂ, ਅਤੇ ਸਾਰੇ ਧਰਮ ਸਾਡੇ ਲਈ ਸਤਿਕਾਰ ਯੋਗ ਹਨ।
ਇਸ ਮੌਕੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਫਿਲਮ ਦੀ ਟੀਮ ਦਾ ਆਪਣੀ ਗਲਤੀ ਮੰਨ ਲੈਣਾ ਸਹੀ ਕਦਮ ਹੈ। ਉਨ੍ਹਾਂ ਨੇ ਕਿਹਾ, ਕਿ ਮੁਆਫ ਕਰਨ ਵਾਲੀ ਜਾਤ ਰੱਬ ਦੀ ਹੈ।