ਲੁਧਿਆਣਾ: ਜ਼ਿਲ੍ਹੇ ਦੇ ਨੀਚੀ ਮੰਗਲੀ ਇਲਾਕੇ ਵਿੱਚ ਅੱਜ ਸਿਹਤ ਮਹਿਕਮੇ ਦੀ ਟੀਮ ਵੱਲੋਂ ਛਾਪੇਮਾਰੀ ਕਰ ਕੇ ਲਿੰਗ ਨਿਰਧਾਰਿਤ ਟੈਸਟ ਕਰਨ ਵਾਲੀ ਚਾਈਨਾ ਦੀ ਮਸ਼ੀਨ ਦੇ ਨਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਆਪਣੇ ਘਰ ਵਿੱਚ ਹੀ ਇਹ ਲਿੰਗ ਨਿਰਧਾਰਿਤ ਟੈਸਟ ਕਰਦਾ ਸੀ ਅਤੇ ਉਸ ਨੇ ਅਲਟਰਾਸਾਊਂਡ ਮਸ਼ੀਨ ਲਾਈ ਹੋਈ ਸੀ।
ਮਨਮੋਹਨ ਪਾਲ ਵਜੋਂ ਹੋਈ ਮੁਲਜ਼ਮ ਦੀ ਸ਼ਨਾਖਤ : ਗ੍ਰਿਫਤਾਰ ਕੀਤੇ ਗਏ ਮੁਲਜ਼ਮ ਖ਼ਿਲਾਫ ਲੁਧਿਆਣਾ ਵਿੱਚ ਪਹਿਲਾਂ ਵੀ ਤਿੰਨ ਵੱਖ-ਵੱਖ ਪੁਲਿਸ ਸਟੇਸ਼ਨ ਵਿੱਚ ਮਾਮਲੇ ਦਰਜ ਹਨ। ਮੁਲਜ਼ਮ ਦੀ ਸ਼ਨਾਖਤ ਮਨਮੋਹਨ ਪਾਲ ਵਜੋਂ ਹੋਈ ਹੈ, ਜੋ ਕਿ ਜਨਕਪੁਰੀ ਦਾ ਰਹਿਣ ਵਾਲਾ ਹੈ। ਏਜੰਟ ਦੀ ਮਦਦ ਨਾਲ ਮੁਲਜ਼ਮ ਗਾਹਕਾਂ ਨੂੰ ਸੈਂਟਰ ਤੱਕ ਬੁਲਾਉਂਦਾ ਸੀ। ਮੁਲਜ਼ਮ ਖ਼ਿਲਾਫ਼ ਪਹਿਲਾ ਮਾਮਲਾ 2017 ਵਿੱਚ ਮਾਡਲ ਟਾਊਨ ਵਿਖੇ ਅਤੇ ਦੂਜਾ ਮਾਮਲਾ 2019 ਵਿੱਚ ਥਾਣਾ ਸਦਰ ਵਿਖੇ ਦਰਜ ਹੋਇਆ ਸੀ। 2022 ਦੇ ਵਿੱਚ ਉਹ ਜ਼ਮਾਨਤ ਉਤੇ ਬਾਹਰ ਆਇਆ ਸੀ।
ਲਿੰਗ ਨਿਰਧਾਰਿਤ ਟੈਸਟ ਲਈ ਕੀਤੀ 32 ਹਜ਼ਾਰ ਰੁਪਏ ਦੀ ਮੰਗ : ਮਹਿਲਾ ਦਾ ਲਿੰਗ ਨਿਰਧਾਰਿਤ ਟੈਸਟ ਕਰਨ ਲਈ ਮੁਲਜ਼ਮ ਵੱਲੋਂ 32 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਅੱਜ ਜਦੋਂ ਉਹ ਟੈਸਟ ਕਰਵਾਉਣ ਗਈ ਤਾਂ ਨਾਲ ਸਿਹਤ ਮਹਿਕਮੇ ਦੀ ਟੀਮ ਨੇ ਵੀ ਟ੍ਰੈਪ ਲਾ ਕੇ ਮੌਕੇ ਉੱਤੇ ਹੀ ਛਾਪਾ ਮਾਰ ਕੇ ਸੈਂਟਰ ਨੂੰ ਸੀਲ ਕਰ ਦਿੱਤਾ। ਟੀਮ ਨੇ ਸਾਰੀਆਂ ਹੀ ਮਸ਼ੀਨਾਂ ਕਬਜ਼ੇ ਵਿੱਚ ਲੈ ਕੇ ਜਾਂਚ ਲਈ ਲੈਬ ਭੇਜ ਦਿੱਤੀਆਂ ਹਨ। ਸਿਹਤ ਮਹਿਕਮੇ ਵੱਲੋਂ ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਉਕਤ ਮੁਲਜ਼ਮ ਵੱਲੋਂ ਪਹਿਲਾਂ ਕਿੰਨੇ ਅਜਿਹੇ ਟੈਸਟ ਕੀਤੇ ਗਏ ਸਨ।
ਇਹ ਵੀ ਪੜ੍ਹੋ: BAINS BROTHERS: ਬੈਂਸ ਭਰਾਵਾਂ ਨੂੰ ਲੈ ਕੇ ਫਿਰ ਛਿੜੀ ਚਰਚਾ, ਭਾਜਪਾ ਦਾ ਪੱਲਾ ਫੜ ਸਕਦੇ ਨੇ ਬੈਂਸ ਭਰਾ!
ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੂੰ ਜਦੋਂ ਇਸ ਗੱਲ ਦਾ ਇਲਮ ਹੋਇਆ ਤਾਂ ਅਧਿਕਾਰੀਂ ਨੇ ਮੁਲਜ਼ਮ ਖ਼ਿਲਾਫ਼ ਪਹਿਲਾਂ ਟ੍ਰੈਪ ਲਾਇਆ ਹੋਇਆ ਸੀ, ਜਿਸ ਤੋਂ ਬਾਅਦ ਮੌਕੇ ਉਤੇ ਜਦੋਂ ਮਹਿਲਾ ਦਾ ਟੈਸਟ ਕੀਤਾ ਜਾਣ ਲੱਗਾ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਮੁਲਜ਼ਮ ਜਿਸ ਮਸ਼ੀਨ ਦੀ ਵਰਤੋਂ ਕਰਦੇ ਸਨ, ਉਹ ਪੋਰਟੇਬਲ ਸੀ। ਮਸ਼ੀਨ ਨੂੰ ਕਿਤੇ ਵੀ ਲਿਆਂਦਾ ਜਾ ਸਕਦਾ ਸੀ। ਇਸੇ ਕਾਰਨ ਮੁਲਜ਼ਮ ਵੱਲੋਂ ਇਕ ਘਰ ਦੇ ਅੰਦਰ ਇਹ ਕੰਮ ਕੀਤਾ ਜਾ ਰਿਹਾ ਸੀ। ਡਾਕਟਰਾਂ ਦੀ ਟੀਮ ਜਦੋਂ ਛਾਪੇਮਾਰੀ ਕਰਨ ਪਹੁੰਚੀ ਤਾਂ ਮੁਲਜ਼ਮ ਵੱਲੋਂ ਉਨ੍ਹਾਂ ਨੂੰ 5 ਲੱਖ ਰੁਪਏ ਰਿਸ਼ਵਤ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ ਸੀ।
ਇਹ ਵੀ ਪੜ੍ਹੋ: Roopnagar news: ਮੋਰਿੰਡਾ ਬੇਅਦਬੀ ਕਾਂਡ ਉਤੇ ਸਿਆਸੀ ਬਵਾਲ, ਸੁਖਬੀਰ ਬਾਦਲ ਨੇ ਕਿਹਾ ਇਹ 'ਆਪ' ਦੀ ਚਾਲ