ਲੁਧਿਆਣਾ: ਜਗਰਾਓਂ-ਮੋਗਾ ਹਾਈਵੇਅ ਉੱਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਇੱਕ ਖੜ੍ਹੇ ਟਿੱਪਰ ਦੇ ਵਿੱਚ ਸਵਾਰੀਆਂ ਨਾਲ ਭਰੀ ਬੱਸ ਦੀ ਟੱਕਰ ਹੋ ਗਈ ਜਿਸ ਕਾਰਨ ਇਹ ਸੜਕ ਹਾਦਸਾ ਹੋ ਗਿਆ।
ਇਸ ਹਾਦਸੇ ਵਿੱਚ ਇੱਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦ ਕਿ ਦਰਜਨਾਂ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਈ ਸਵਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਉੱਧਰ ਟਿੱਪਰ ਤੇ ਬੱਸ ਚਾਲਕ ਦੋਵੇਂ ਹੀ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ। ਮੌਕੇ ਉੱਤੇ ਪਹੁੰਚੇ ਥਾਣਾ ਸਿਟੀ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ 1 ਦੀ ਮੌਤ ਹੋ ਗਈ ਹੈ ਜਦ ਕਿ ਦਰਜਨ ਦੇ ਕਰੀਬ ਲੋਕ ਜ਼ਖਮੀ ਹਨ। ਇਹ ਹਾਦਸਾ ਧੁੰਦ ਦੇ ਕਾਰਨ ਵਾਪਰਿਆ ਹੈ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਹੀ ਮੋਗਾ-ਜਗਰਾਓਂ ਹਾਈਵੇਅ ਉੱਤੇ ਰੇਤ ਨਾਲ ਭਰਿਆ ਟਿੱਪਰ ਖਰਾਬ ਹੋ ਗਿਆ ਸੀ ਅਤੇ ਰਾਤ ਤੋਂ ਹੀ ਸੜਕ ਦੇ ਵਿਚਕਾਰ ਖੜ੍ਹਾ ਸੀ। ਨਿੱਜੀ ਬੱਸ ਜੋ ਜਗਰਾਉਂ ਤੋਂ ਮੋਗਾ ਜਾ ਰਹੀ ਸੀ ਧੁੰਦ ਕਾਰਨ ਖੜ੍ਹੇ ਟਰੱਕ ਵਿੱਚ ਜਾ ਵੱਜੀ ਅਤੇ ਇਹ ਹਾਦਸਾ ਵਾਪਰ ਗਿਆ।