ਲੁਧਿਆਣਾ: ਦੇਸ਼ ਭਰ ਵਿੱਚ ਸ਼ਨੀਵਾਰ ਨੂੰ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉਧਰ, ਲੁਧਿਆਣਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੋਰੋਨਾ ਮਹਾਂਮਾਰੀ ਹੋਣ ਦੇ ਬਾਵਜੂਦ ਲੁਧਿਆਣਾ ਦੀ ਬੇਲਫਰਾਂਸ ਬੇਕਰੀ ਵੱਲੋਂ 40 ਕਿੱਲੋ ਦੇ ਚਾਕਲੇਟ ਤੋਂ ਭਗਵਾਨ ਗਣੇਸ਼ ਦੀ ਮੂਰਤੀ ਵਾਲਾ ਕੇਕ ਬਣਾਇਆ ਗਿਆ ਹੈ। ਇਸ ਕੇਕ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਵਿਸ਼ੇਸ਼ ਤੌਰ 'ਤੇ ਸ਼ੈਫ ਨੇ ਬਣਾਇਆ ਹੈ ਅਤੇ ਇਹ ਪੂਰੀ ਤਰਾਂ ਈਕੋ ਫਰੈਂਡਲੀ ਹੈ।
ਚਾਕਲੇਟ ਨਾਲ ਭਗਵਾਨ ਗਣੇਸ਼ ਦੀ ਮੂਰਤੀ ਤਿਆਰ ਕਰਨ ਵਾਲੇ ਸ਼ੈਫ ਨੇ ਦੱਸਿਆ ਕਿ 40 ਕਿੱਲੋ ਕੁਦਰਤੀ ਚਾਕਲੇਟ ਦੀ ਮਦਦ ਨਾਲ ਇਹ ਮੂਰਤੀ ਬਣਾਈ ਗਈ ਹੈ, ਜੋ ਕਿ ਪੂਰੀ ਤਰ੍ਹਾਂ ਈਕੋ ਫਰੈਂਡਲੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ 1 ਕਿੱਲੋ ਤੋਂ ਲੈ ਕੇ 10 ਕਿੱਲੋ ਤੱਕ ਦੇ ਮਿੰਨੀ ਗਣੇਸ਼ ਮੂਰਤੀਆਂ ਵੀ ਤਿਆਰ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕ ਆਸਾਨੀ ਨਾਲ ਘਰਾਂ ਵਿੱਚ ਸਥਾਪਿਤ ਕਰ ਸਕਦੇ ਹਨ।
ਉਧਰ, ਬੇਲਫਰਾਂਸ ਬੇਕਰੀ ਦੇ ਐਮ.ਡੀ. ਹਰਜਿੰਦਰ ਸਿੰਘ ਕੁਕਰੇਜਾ ਨੇ ਦੱਸਿਆ ਕਿ ਇਸ ਵਿਸ਼ੇਸ਼ ਕੇਕ ਨੂੰ ਉਹ ਪਾਣੀ 'ਚ ਨਹੀਂ ਸਗੋਂ ਦੁੱਧ 'ਚ ਵਿਸਰਜਿਤ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਕਦੇ ਵੀ ਪਾਣੀ 'ਚ ਵਿਸਰਜਿਤ ਨਹੀਂ ਕੀਤਾ ਜਾਂਦਾ ਸਗੋਂ ਇਸ ਨੂੰ ਦੁੱਧ 'ਚ ਵਿਸਰਜਿਤ ਕੀਤਾ ਜਾਂਦਾ ਹੈ ਅਤੇ ਉਸ ਨਾਲ ਜਿਹੜਾ ਪ੍ਰਸ਼ਾਦ ਤਿਆਰ ਹੁੰਦਾ ਹੈ ਉਹ ਗਰੀਬ ਬੱਚਿਆਂ ਵਿੱਚ ਵੰਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਕੋਰੋਨਾ ਕਰਕੇ ਇਹ ਕੰਮ ਉਹ ਆਪ ਤਾਂ ਨਹੀਂ ਕਰ ਸਕਦੇ ਪਰ ਕਿਸੇ ਸਮਾਜ ਸੇਵੀ ਸੰਸਥਾ ਨਾਲ ਮਿਲ ਕੇ ਕਰਵਾਉਣਗੇ ਤਾਂ ਜੋ ਇਹ ਪ੍ਰਸ਼ਾਦ ਗਰੀਬ ਬੱਚਿਆਂ ਤੱਕ ਪਹੁੰਚ ਸਕੇ।