ਲੁਧਿਆਣਾ: ਪੰਜਾਬ ਦੇ ਲੁਧਿਆਣਾ ਵਿੱਚ ਇੱਕ ਵਿਅਕਤੀ ਵੱਲੋਂ ਕੁੱਤੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਉਸ ਨੇ ਪਹਿਲਾਂ ਗਲੀ ਦੇ ਕੁੱਤੇ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਬਾਅਦ ਵਿਚ ਤੇਜ਼ ਬਰਛੇ ਨਾਲ ਛਾਤੀ ਵਿੱਚ ਵਾਰ ਕੀਤਾ। ਇਲਾਕੇ ਦੇ ਲੋਕਾਂ ਨੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਕਤ ਵਿਅਕਤੀ ਨੇ ਕਿਸੇ ਦੀ ਗੱਲ ਨਹੀਂ ਸੁਣੀ।
ਕੁੱਤੇ ਦੀ ਹਾਲਤ ਗੰਭੀਰ: ਵਿਅਕਤੀ ਨੇ ਕਰੀਬ 5 ਮਿੰਟ ਤੱਕ ਕੁੱਤੇ ਦੀ ਛਾਤੀ ਵਿੱਚ ਬਰਛਾ ਪਾਈ ਰੱਖਿਆ, ਸ਼ਖਸ਼ ਨੂੰ ਕੁੱਤੇ 'ਤੇ ਗੁੱਸਾ ਆਇਆ ਕਿਉਂਕਿ ਇਸ ਨੇ ਉਸ ਦੀ ਕਾਰ ਦਾ ਕਵਰ ਪਾੜ ਦਿੱਤਾ ਸੀ। ਉਸ ਆਦਮੀ ਨੇ ਉਸ ਦਾ ਗਲੀਆਂ ਵਿੱਚ ਪਿੱਛਾ ਕੀਤਾ ਅਤੇ ਉਸ ਨੂੰ ਡੰਡਿਆਂ ਅਤੇ ਬਰਛਿਆਂ ਨਾਲ ਮਾਰਿਆ। ਕੁੱਤੇ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਇਲਾਕਾ ਵਾਸੀਆਂ ਨੇ ਹੈਲਪ ਫਾਰ ਐਨੀਮਲਜ਼ ਸੰਸਥਾ ਦੇ ਮੁਖੀ ਮਨੀ ਅਤੇ ਅੰਕਿਤ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਐਨ.ਜੀ.ਓ ਦੇ ਮੈਂਬਰਾਂ ਨੇ ਕੁੱਤੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪਸ਼ੂ ਹਸਪਤਾਲ 'ਚ ਦਾਖਲ ਕਰਵਾਇਆ। ਹਮਲੇ ਨਾਲ ਕੁੱਤੇ ਦੇ ਫੇਫੜੇ ਵੀ ਖ਼ਰਾਬ ਹੋ ਗਏ ਹਨ।
ਥਾਣੇ ਪਹੁੰਚਿਆ ਮਾਮਲਾ: ਹੈਲਪ ਫਾਰ ਐਨੀਮਲਜ਼ ਦੇ ਮੁਖੀ ਮਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪ੍ਰਤਾਪ ਪੂਰਾ ਇਲਾਕੇ ਦੀ ਦਸਮੇਸ਼ ਕਲੋਨੀ ਵਿੱਚ ਇੱਕ ਵਿਅਕਤੀ ਨੇ ਇੱਕ ਕੁੱਤੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਹੈ। ਇਲਾਕੇ 'ਚ ਹਰਭਜਨ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਹੈ, ਜਿਸ ਨੇ ਕੁੱਤੇ 'ਤੇ ਬਰਛੇ ਨਾਲ ਹਮਲਾ ਕਰ ਦਿੱਤਾ। ਇਲਾਕੇ ਦੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਕਰੀਬ 5 ਮਿੰਟ ਤੱਕ ਕੁੱਤੇ ਦੀ ਛਾਤੀ ਵਿੱਚ ਬਰਛੀ ਮਾਰੀ ਗਈ।
ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ: ਮਨੀ ਅਨੁਸਾਰ ਉਸ ਨੇ ਪੀਏਯੂ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ, ਪਰ ਪੁਲਿਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹ ਕੁੱਤੇ ਨੂੰ ਇਨਸਾਫ਼ ਦਿਵਾਉਣ ਲਈ ਕਰੀਬ 4 ਘੰਟੇ ਥਾਣੇ ਦੇ ਬਾਹਰ ਖੜ੍ਹਾ ਰਿਹਾ। ਕਿਸੇ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਦਾ ਫ਼ੋਨ ਵੀ ਨਹੀਂ ਚੁੱਕਿਆ। ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਕਿਹਾ ਕੇ ਕੁੱਤੇ 'ਤੇ ਹਮਲਾ ਕਰਨ ਵਾਲਾ ਵਿਅਕਤੀ ਹੁਣ ਕੁੱਤੇ ਦੀ ਦੇਖਭਾਲ ਕਰ ਰਿਹਾ ਹੈ। ਬਾਕੀ ਰਹਿੰਦੇ ਮਾਮਲਿਆਂ ਦੀ ਜਾਂਚ ਕਰਕੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।