ਲੁਧਿਆਣਾ : ਆਖਰਕਾਰ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਮੁੱਖ ਦਫ਼ਤਰ ਨਾਲ ਸਬੰਧਤ ਕੋਠੀ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਸ਼ੋਕ ਕੁਮਾਰ ਨਾਂ ਦੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਪੁਲਿਸ ਨੇ ਜੋ ਐਫਆਈਆਰ ਦਰਜ ਕੀਤੀ ਹੈ, ਉਸ ਵਿੱਚ ਲਿਖਿਆ ਗਿਆ ਹੈ ਕਿ ਅਸ਼ੋਕ ਕੁਮਾਰ ਨੇ ਹੀ ਇਹ ਕੋਠੀ ਅੱਗੇ ਕਰਮ ਸਿੰਘ ਨੂੰ ਵੇਚੀ ਸੀ ਅਤੇ ਅਸ਼ੋਕ ਕੁਮਾਰ ਨੇ ਜਿਸ ਮੁਖਤਿਆਰ ਨਾਮੇ ਦੇ ਆਧਾਰ ਉੱਤੇ ਇਸਦੀ ਰਜਿਸਟਰੀ ਕਰਮ ਸਿੰਘ ਨੂੰ ਕਰਵਾਈ ਸੀ, ਉਹ ਮੁਖਤਿਆਰਨਾਮਾ ਜਦੋਂ ਮਾਲ ਵਿਭਾਗ ਦੇ ਵਿਚ ਜਾਂਚ ਕੀਤੀ ਗਈ ਤਾਂ ਜਾਅਲੀ ਮਿਲਿਆ ਹੈ। ਕੋਠੀ ਦੀ ਐਨਆਰਆਈ ਮਾਲਕ ਅਮਰਜੀਤ ਕੌਰ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਇਹ ਹੋਇਆ ਮਾਮਲਾ ਦਰਜ : ਇਸ ਸਬੰਧੀ ਜਗਰਾਉਂ ਦੇ ਐਸਐਸਪੀ ਨੇ ਕਿਹਾ ਕਿ ਅਸ਼ੋਕ ਕੁਮਾਰ ਉੱਤੇ ਮਾਮਲਾ ਵੀ ਕਰਮ ਸਿੰਘ ਦੀ ਸ਼ਿਕਾਇਤ ਉੱਤੇ ਹੀ ਦਰਜ ਕੀਤਾ ਗਿਆ ਹੈ। ਅਸ਼ੋਕ ਕੁਮਾਰ ਜਗਰਾਉਂ ਦੇ ਸ਼ੇਰਪੁਰ ਰੋਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਆਈ ਪੀ ਸੀ ਦੀ ਧਾਰਾ 420, 467 ਅਤੇ 468 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 19 ਜੂਨ ਨੂੰ ਇਹ ਮਾਮਲਾ ਲੁਧਿਆਣਾ ਦੀ ਦੇਹਾਤੀ ਪੁਲਿਸ ਨੇ ਦਰਜ ਕੀਤਾ ਹੈ। ਕਰਮ ਸਿੰਘ ਕਰਨੈਲ ਗੇਟ ਸਥਿਤ ਕੋਠੀ ਨੂੰ 25 ਹਜ਼ਾਰ ਰੁਪਏ ਪ੍ਰਤੀ ਮਹੀਨੇ ਕਿਰਾਏ ਤੇ ਇਹ ਕੋਠੀ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੂੰ ਦਿੱਤੀ ਗਈ ਸੀ।
ਐੱਨਆਰਆਈ ਨੇ ਕੀਤੀ ਸੀ ਸ਼ਿਕਾਇਤ : ਪੀੜੀਤ ਐਨਆਰਆਈ ਅਮਰਜੀਤ ਕੌਰ ਵੱਲੋਂ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦੀ ਕੋਠੀ ਉੱਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਵਿਧਾਇਕਾ ਵੱਲੋਂ ਇਸ ਦੀ ਸਫ਼ਾਈ ਵੀ ਦਿੱਤੀ ਗਈ ਸੀ, ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਇਹ ਕੋਠੀ ਕਰਮ ਸਿੰਘ ਤੋਂ ਕਿਰਾਏ ਤੇ ਲਈ ਹੈ। ਜਦਕਿ ਦੂਜੇ ਪਾਸੇ ਕਰਮ ਸਿੰਘ ਨੇ ਦੱਸਿਆ ਹੈ ਕਿ ਇਸ ਕੋਠੀ ਦੀ ਰਜਿਸਟਰੀ ਅਸ਼ੋਕ ਕੁਮਾਰ ਵੱਲੋਂ ਕਰਵਾਈ ਗਈ ਸੀ ਜਿਸ ਨੇ ਆਪਣੇ ਨਾਮ ਦਾ ਮੁਖਤਿਆਰਨਾਮਾ ਵਿਖਾਇਆ ਸੀ ਉਸ ਨੇ ਬਕਾਇਦਾ ਇਸ ਕੋਠੀ ਦੇ ਲਈ 13 ਲੱਖ 60 ਹਜ਼ਾਰ ਰੁਪਏ ਦੀ ਰਾਸ਼ੀ ਵੀ ਦਿੱਤੀ ਸੀ। ਜਿਸ ਦੇ ਬਿਆਨਾਂ ਦੇ ਆਧਾਰ ਤੇ ਹੁਣ ਅਸ਼ੋਕ ਕੁਮਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਸੀ ਅਤੇ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਉੱਤੇ ਕੋਠੀ ਦੱਬਣ ਦੇ ਇਲਜ਼ਾਮ ਲਗਾਏ ਗਏ ਸਨ, ਜਿਸ ਸਬੰਧੀ ਐਮ ਐਲ ਏ ਸਰਬਜੀਤ ਕੌਰ ਮਾਣੂਕੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਫ਼ਾਈ ਭੇਜ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਇਹ ਕੋਠੀ ਸਿਰਫ ਕਿਰਾਏ ਤੇ ਲਈ ਗਈ ਸੀ ਦੋ ਧਿਰਾਂ ਦੀ ਆਪਸੀ ਲੜਾਈ ਦਾ ਉਹ ਖੁਦ ਸ਼ਿਕਾਰ ਬਣੇ ਹਨ।