ਖੰਨਾ : ਪਿੰਡ ਜਸਪਾਲੋਂ ਦੇ ਐਵਰੇਸਟ ਸਕੂਲ ਵਿੱਚ ਇੱਕ ਆਸ਼ਕ ਵੱਲੋਂ ਸਕੂਲ ਦੀ ਅਧਿਆਪਕਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਅਧਿਆਪਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵਿਦਿਆਰਥੀ ਇਸ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹ ਕੇ ਗਿਆ ਹੈ।
ਬੇਖੌਫ਼ ਵਿਦਿਆਰਥੀ ਨੇ ਕੈਮਰੇ ਸਾਹਮਣੇ ਆ ਕੇ ਆਪਣੇ ਵੱਲੋਂ ਕੀਤੀ ਗਈ ਵਾਰਦਾਤ ਬਾਰੇ ਜਾਣਕਾਰੀ ਵੀ ਦਿੱਤੀ ਹੈ। ਉਸ ਨੇ ਕਿਹਾ ਕਿ ਉਸ ਦਾ ਸਕੂਲ ਅਧਿਆਪਕਾ ਨਾਲ ਪ੍ਰੇਮ ਪ੍ਰਸੰਗ ਚੱਲਦਾ ਸੀ ਪਰ ਅਧਿਆਪਕਾ ਨੇ ਉਸ ਦੀ ਵਿਆਹ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਉਸ ਨੂੰ ਬੁਰਾ ਭਲਾ ਬੋਲਿਆ। ਇਸ ਕਾਰਨ ਮੈਂ ਤੈਅਸ਼ ਵਿੱਚ ਆ ਕੇ ਇਹ ਕਦਮ ਚੁੱਕਿਆ ਹੈ।
ਇਸ ਹਮਲੇ ਦੀ ਸ਼ਿਕਾਰ ਹੋਈ ਪੀੜਤ ਅਧਿਆਪਕਾ ਨੇ ਕਿਹਾ ਕਿ ਕੁਝ ਸਮਾਂ ਪਹਿਲਾ ਇਸ ਲੜਕੇ ਵੱਲੋਂ ਉਸ ਨੂੰ ਪਿਆਰ ਦਾ ਇਜ਼ਹਾਰ ਕੀਤਾ ਗਿਆ ਸੀ ਪਰ ਉਸ ਨੇ ਇਸ ਲਈ ਮਨ੍ਹਾ ਕਰ ਦਿੱਤਾ। ਪਰ ਅੱਜ ਅਚਾਨਕ ਹੀ ਉਸ ਨੇ ਸਕੂਲ ਵਿੱਚ ਆ ਕੇ ਉਸ 'ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ ।
ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਜ਼ਖ਼ਮੀ ਲੜਕੀ ਉਨ੍ਹਾਂ ਦੇ ਸਕੂਲ ਵਿੱਚ ਪੜ੍ਹਾਉਂਦੀ ਹੈ। ਅੱਜ ਅਚਾਨਕ ਇੱਕ ਸਾਬਕਾ ਵਿਦਿਆਰਥੀ ਨੇ ਉਸ 'ਤੇ ਆ ਕੇ ਹਮਲਾ ਕਰ ਦਿੱਤਾ। ਪੀੜਤ ਲੜਕੀ ਦੀ ਮਾਂ ਨੇ ਕਿਹਾ ਹਾਲੇ ਤੱਕ ਉਸ ਦੀ ਹਾਲਤ ਦਾ ਠੀਕ ਤਰ੍ਹਾਂ ਪਤਾ ਨਹੀਂ ਲੱਗ ਸਕਿਆ। ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।