ਲੁਧਿਆਣਾ: ਜਗਰਾਉਂ ਦੇ ਬਲਾਕ ਸਿੱਧਵਾਂ ਬੇਟ ਨੇੜੇ ਸਤਲੁਜ ਦਰਿਆ ਕੰਢੇ ਪਿੰਡ ਚੰਡੀਗੜ੍ਹ ਛੀਨਾ ਵਿੱਚ ਉਸ ਸਮੇਂ ਮਾਤਮ ਪਸਰ ਗਿਆ, ਜਦੋਂ ਪਿੰਡ ਦੀਆਂ ਚਾਰ ਮਾਸੂਮ ਬੱਚੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਬੱਚੀਆਂ ਦੀ ਮੌਤ ਸਤਲੁਜ ਦਰਿਆ ਕੰਢੇ ਬਣੇ ਵੱਡੇ ਡੂੰਘੇ ਟੋਇਆਂ ਵਿੱਚ ਡੁੱਬਣ ਨਾਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰੇ ਬੱਚੀਆਂ ਕੁੱਝ ਹੋਰਨਾਂ ਬੱਚਿਆਂ ਨਾਲ ਦਰਿਆ ਨੇੜੇ ਬਾਥਰੂਮ ਕਰਨ ਲਈ ਗਈਆਂ ਸਨ। ਰਸਤੇ ਵਿੱਚ ਬਣੇ ਵੱਡੇ ਡੂੰਘੇ ਟੋਇਆਂ ਦੇ ਪਾਣੀ ਨਾਲ ਭਰੇ ਹੋਣ ਕਰਕੇ ਉਹ ਉਸ ਵਿੱਚ ਡਿੱਗ ਗਈਆਂ। ਮਰਨ ਵਾਲੀਆਂ ਚਾਰੇ ਬੱਚੀਆਂ ਦੀ ਉਮਰ 7 ਤੋਂ 10 ਸਾਲ ਦੱਸੀ ਜਾ ਰਹੀ ਹੈ।
ਬੱਚੀਆਂ ਦੀ ਮੌਤ ਕਾਰਨ ਪਿੰਡ ਵਿੱਚ ਮਾਤਮ ਪਸਰਿਆ ਰਿਹਾ ਤੇ ਕੋਈ ਵੀ ਕੁੱਝ ਦੱਸਣ ਦੀ ਹਾਲਤ ਵਿੱਚ ਨਹੀਂ ਸੀ। ਬੱਚੀਆਂ ਦੇ ਅੰਤਿਮ ਸਸਕਾਰ ਮੌਕੇ ਸਾਰੇ ਪਿੰਡ ਵਾਸੀਆਂ ਦੀਆਂ ਅੱਖਾਂ ਵਿੱਚ ਅੱਥਰੂ ਭਰੇ ਹੋਏ ਸਨ ਅਤੇ ਕਿਸੇ ਨੂੰ ਵੀ ਬੱਚੀਆਂ ਦੇ ਮਰਨ ਬਾਰੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਇਸ ਮੌਕੇ ਇੱਕ ਮ੍ਰਿਤਕ ਬੱਚੀ ਸੁਮਨ ਦੀ ਦਾਦੀ ਨੇ ਦੱਸਿਆ ਕਿ ਇਹ ਸਾਰੇ ਬੱਚੇ ਘਰੋਂ ਹੱਸਦੇ-ਖੇਡਦੇ ਬਾਥਰੂਮ ਕਰਨ ਗਏ ਸਨ ਕਿ ਥੋੜ੍ਹੀ ਦੇਰ ਕਿਸੇ ਨੇ ਫੋਨ ਰਾਹੀਂ ਬੱਚੀਆਂ ਦੇ ਡੁੱਬਣ ਬਾਰੇ ਖ਼ਬਰ ਦਿੱਤੀ।
ਉਧਰ, ਦਾਖਾ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਬੱਚੀਆਂ ਦੇ ਡੁੱਬਣ ਲਈ ਰੇਤ ਦੀ ਮਾਈਨਿੰਗ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਨੇੜੇ ਦਰਿਆ ਵਿੱਚ ਰੇਤ ਦੀ ਮਾਈਨਿੰਗ ਦਾ ਕੰਮ ਚਲ ਰਿਹਾ ਸੀ ਅਤੇ ਦਰਿਆ ਨੇੜੇ 10 ਤੋਂ 15 ਫੁੱਟ ਦੇ ਟੋਏ ਰੇਤ ਦੀ ਮਾਈਨਿੰਗ ਕਰਕੇ ਹੀ ਹੋਏ ਹਨ। ਜਿਨ੍ਹਾਂ ਵਿੱਚ ਡੁੱਬਣ ਕਰਕੇ ਇਨ੍ਹਾਂ ਬੱਚੀਆਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚੀਆਂ ਦੀ ਮੌਤ ਲਈ ਰੇਤ ਦੀ ਮਾਈਨਿੰਗ ਕਰਨ ਵਾਲੇ ਹੀ ਜ਼ਿੰਮੇਵਾਰ ਹਨ, ਜਿਸ ਲਈ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।