ਲੁਧਿਆਣਾ: ਗਲੋਬਲ ਵਾਰਮਿੰਗ ਅਤੇ ਵਾਤਾਵਰਨ ਤਬਦੀਲੀ ਪੂਰੀ ਦੁਨੀਆ ਲਈ ਇੱਕ ਵੱਡੀ ਸਮੱਸਿਆ ਹੈ। ਵਿਸ਼ਵ ਭਰ ਦੇ ਵਿਗਿਆਨੀ ਇਹ ਗੱਲ ਮੰਨ ਚੁੱਕੇ ਹਨ ਕਿ ਵਾਤਾਵਰਣ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ ਇਸ ਕਰਕੇ ਗਰਮੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦਾ ਮਾੜਾ ਅਸਰ ਨਾ ਸਿਰਫ਼ ਸਾਡੇ ਜੀਵਨ ਉੱਤੇ ਪੈਂਦਾ ਹੈ ਸਗੋਂ ਫਸਲਾਂ ਵੀ ਇਸ ਨਾਲ ਪ੍ਰਭਾਵਿਤ ਹੋ ਰਹੀਆਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਦੇਸ਼ ਦੀਆਂ ਹੋਰਨਾਂ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਖ਼ਾਸ ਕਰਕੇ ਆਈ.ਐਮ.ਡੀ ਦੇ ਦਿਸ਼ਾ ਨਿਰਦੇਸ਼ ਹੇਠ ਵਿਸ਼ੇਸ਼ ਆਨਲਾਈਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਅੱਜ ਆਖ਼ਰੀ ਦਿਨ ਰਿਹਾ। ਇਸ ਪ੍ਰੋਗਰਾਮ ਵਿੱਚ ਵੱਡੀ ਤਦਾਦ ਵਿੱਚ ਆਮ ਲੋਕ, ਵਿਗਿਆਨੀ ਕਿਸਾਨ ਜੁੜੇ ਅਤੇ ਉਨ੍ਹਾਂ ਨੇ ਵਾਤਾਵਰਨ ਤਬਦੀਲੀ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਦੇਸ਼ ਦੇ ਉੱਘੇ ਵਿਗਿਆਨੀ ਇਸ ਵਿਸ਼ੇ ਉੱਤੇ ਨਾ ਸਿਰਫ਼ ਗੰਭੀਰ ਚਿੰਤਾ ਪ੍ਰਗਟ ਕਰ ਚੁੱਕੇ ਨੇ ਸਗੋਂ ਗਲੋਬਲ ਵਾਰਮਿੰਗ ਵੀ ਇਸੇ ਨਾਲ ਜੁੜੀ ਹੋਈ ਮੰਨੀ ਗਈ ਹੈ।
ਪਿਛਲੇ ਸਾਲ ਸਭ ਤੋਂ ਵੱਧ ਆਏ ਸਮੁੰਦਰੀ ਤੂਫ਼ਾਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਵਾਤਾਵਰਣ ਵਿੱਚ ਤਬਦੀਲੀ ਅਜੋਕੇ ਯੁੱਗ ਵਿੱਚ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਸਾਲ 2020 ਸਿਰਫ਼ ਕੋਰੋਨਾ ਵਾਇਰਸ ਕਰਕੇ ਹੀ ਨਹੀਂ ਸਗੋਂ ਹੋਰ ਵੀ ਕਈ ਵਾਤਾਵਰਨ ਤਬਦੀਲੀਆਂ ਕਰਕੇ ਅਹਿਮ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਭ ਤੋਂ ਵੱਧ ਸਮੁੰਦਰੀ ਤੂਫ਼ਾਨ ਆਏ ਹਨ ਅਤੇ ਇਸ ਵਿੱਚ ਸੈਂਕੜੇ ਲੋਕਾਂ ਦੀ ਜਾਨ ਗਈ ਹੈ।
121 ਸਾਲਾਂ ਵਿੱਚ ਸਭ ਤੋਂ ਗਰਮ ਸਾਲ 2020
ਉਨ੍ਹਾਂ ਇਹ ਵੀ ਕਿਹਾ ਕਿ ਪਿਛਲਾ ਸਾਲ 121 ਸਾਲਾਂ ਦੇ ਵਿੱਚ ਸਭ ਤੋਂ ਗਰਮ ਸਾਲਾਂ ਦੀ ਸੂਚੀ ਵਿੱਚ 8ਵੇਂ ਨੰਬਰ ਉੱਤੇ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਲ 2016 ਸਭ ਤੋਂ ਗਰਮ ਸੀ ਉਨ੍ਹਾਂ ਕਿਹਾ ਕਿ ਮੌਸਮ ਦੇ ਵਿੱਚ ਲਗਾਤਾਰ ਤਬਦੀਲੀਆਂ ਆਉਣ ਨਾਲ ਫਸਲਾਂ ਉੱਤੇ ਵੀ ਇਸਦਾ ਪ੍ਰਭਾਵ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਹ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਮੌਸਮ ਸਬੰਧੀ ਜ਼ਰੂਰ ਆਪਣੀ ਜਾਣਕਾਰੀ ਦਰੁਸਤ ਕਰਦੇ ਹਨ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਆਮ ਜਨਜੀਵਨ ਸ਼ੌਕੀਨ ਸਾਡੀ ਫਸਲਾਂ ਉੱਤੇ ਵੀ ਮੌਸਮ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਮੌਸਮ ਦੇ ਮੁਤਾਬਕ ਹੀ ਫਸਲਾਂ ਹੁੰਦੀਆਂ ਹਨ ਇਸ ਕਰਕੇ ਵੱਧ ਤੋਂ ਵੱਧ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੀ ਇਸ ਪ੍ਰੋਗਰਾਮ ਵਿੱਚ ਜੋੜਿਆ ਗਿਆ ਹੈ।