ਲੁਧਿਆਣਾ: ਰਾਏਕੋਟ ਵਾਸੀ ਸੰਦੀਪ ਸਿੰਘ ਅਤੇ ਉਸ ਦੇ ਸਾਥੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਏਕੋਟ ਦੇ ਵਸਨੀਕ ਮ੍ਰਿਤਕ ਸੰਦੀਪ ਸਿੰਘ ਦੇ ਪਰਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੰਦੀਪ ਸਿੰਘ ਆਈਸੀ ਫਾਇਨਾਂਸ ਕੰਪਨੀ ਦੀ ਮੋਗਾ ਬ੍ਰਾਂਚ ਵਿੱਚ ਕੰਮ ਕਰਦਾ ਸੀ ਤੇ ਉਹ ਆਪਣੇ ਸਾਥੀ ਮਨਿੰਦਰ ਸਿੰਘ ਸ਼ੇਰਪੁਰ ਨਾਲ ਮੋਟਰਸਾਈਕਲ 'ਤੇ ਵਾਇਆ ਜਗਰਾਉਂ ਕੰਮ 'ਤੇ ਜਾਂਦਾ ਸੀ।
ਵੀਰਵਾਰ ਵੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਉਹ ਦੋਵੇਂ ਮੋਟਰਸਾਈਕਲ 'ਤੇ ਆਪਣੇ ਡਿਊਟੀ 'ਤੇ ਜਾ ਰਹੇ ਸਨ, ਪਰ ਸਵੇਰੇ 8.30 ਵਜੇ ਦੇ ਕਰੀਬ ਰਾਏਕੋਟ-ਜਗਰਾਉਂ ਰੋਡ 'ਤੇ ਸਥਿਤ ਪਿੰਡ ਰੂਮੀ ਨਜ਼ਦੀਕ ਪਹੁੰਚੇ ਤਾਂ ਇੱਕ ਦੁੱਧ ਵਾਲੇ ਤੇਜ਼ ਰਫ਼ਤਾਰ ਟੈਂਕਰ ਨੇ ਫੇਟ ਮਾਰ ਦਿੱਤੀ। ਇਸ ਦੌਰਾਨ ਮੋਟਰਸਾਈਕਲ ਸਵਾਰ ਇਨ੍ਹਾਂ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ।