ਲੁਧਿਆਣਾ: ਰਾਏਕੋਟ ਡੀ.ਐੱਸ.ਪੀ ਦਫ਼ਤਰ (Raikot DSP Office) ਅਧੀਨ ਪੈਂਦੇ ਪੁਲਿਸ ਥਾਣਾ ਹਠੂਰ ਦੀ ਪੁਲਿਸ ਵੱਲੋਂ ਜ਼ਿਲ੍ਹਾਂ ਪੁਲਿਸ ਮੁੱਖੀ ਦੀਪਕ ਹਿਲੋਰੀ ਦੇ ਆਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਖਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਦੋ ਸਕੇ ਭਰਾਵਾਂ ਨੂੰ 1 ਕਿਲੋ 50 ਗ੍ਰਾਮ ਅਫੀਮ ਅਤੇ 4 ਲੱਖ 12 ਹਜ਼ਾਰ ਰੁਪਏ ਦੀ ਨਗਦੀ ਸਮੇਤ ਕਾਬੂ ਕੀਤਾ ਹੈ।
ਡੀ.ਐੱਸ.ਪੀ. ਦਫ਼ਤਰ ਰਾਏਕੋਟ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਰਾਜਵਿੰਦਰ ਸਿੰਘ ਰੰਧਾਵਾ (DSP Rajwinder Singh Randhawa) ਨੇ ਦੱਸਿਆ ਕਿ ਪੁਲਿਸ ਥਾਣਾ ਹਠੂਰ ਦੇ ਏ.ਐੱਸ.ਆਈ. ਰਛਪਾਲ ਸਿੰਘ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਬਲਵੀਰ ਸਿੰਘ ਉਰਫ਼ ਬੀਰਾ ਪੁੱਤਰ ਅਜਮੇਰ ਸਿੰਘ ਵਾਸੀ ਫੇਰੂਰਾਈ ਵੱਡੀ ਮਾਤਰਾ ’ਚ ਅਫੀਮ ਦੀ ਸਮਗਲਿੰਗ ਕਰਦਾ ਹੈ, ਜੋ ਝਾਰਖੰਡ ’ਚੋਂ ਅਫੀਮ ਲਿਆ ਕੇ ਇਲਾਕੇ ਵਿੱਚ ਵੇਚਦਾ ਹੈ।
ਇਸ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਪੁਲਿਸ ਥਾਣਾ ਹਠੂਰ ਦੇ ਐੱਸ.ਐੱਚ.ਓ. (SHO of Hathur Police Station) ਹਰਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਫੇਰੂਰਾਈ ਵਿਖੇ ਕੀਤੀ ਛਾਪੇਮਾਰੀ ਦੌਰਾਨ ਬਲਵੀਰ ਸਿੰਘ ਉਰਫ ਬੀਰਾ ਨੂੰ ਘਰ ਲਾਗਿਓ 200 ਗ੍ਰਾਮ ਅਫੀਮ ਸਮੇਤ ਕਾਬੂ ਕਰ ਲਿਆ, ਜਦਕਿ ਉਸ ਦੀ ਨਿਸ਼ਾਨਦੇਹੀ ’ਤੇ ਖੇਤਾਂ ਵਿਚ ਦਬਾ ਕੇ ਰੱਖੀ 750 ਗ੍ਰਾਮ ਹੋਰ ਅਫੀਮ ਅਤੇ 03 ਲੱਖ 60 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ।
ਉੱਥੇ ਹੀ ਬਲਵੀਰ ਸਿੰਘ ਬੀਰਾ ਦੇ ਦੱਸਣ ’ਤੇ ਉਸ ਦੇ ਭਰਾ ਜਸਵੀਰ ਸਿੰਘ ਉਰਫ ਸੀਰਾ, ਜੋ ਮੋਟਰ ਸਾਈਕਲ ’ਤੇ ਅਫੀਮ ਦੀ ਸਪਲਾਈ ਦੇਣ ਜਾ ਰਿਹਾ ਸੀ, ਨੂੰ ਪਿੰਡ ਫੇਰੂਰਾਈ-ਹਠੂਰ ਰੋਡ ’ਤੇ ਕਾਬੂ ਕਰ ਲਿਆ ਅਤੇ ਉਸ ਪਾਸੋਂ 100 ਗ੍ਰਾਮ ਅਫੀਮ ਅਤੇ 52000 ਰੁਪੈ ਡਰੱਗ ਮਨੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਹਠੂਰ ਪੁਲਿਸ ਨੇ ਦੋਵੇਂ ਸਕੇ ਭਰਾਵਾਂ ਪਾਸੋ 1 ਕਿਲੋ 50 ਗ੍ਰਾਮ ਅਫੀਮ ਅਤੇ 4 ਲੱਖ 12 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਹਠੂਰ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ।
ਇਹ ਵੀ ਪੜ੍ਹੋ: ਰਾਮ ਰਹੀਮ ਅਸਲੀ ਜਾਂ ਨਕਲੀ: ਹਾਈਕੋਰਟ ’ਚ ਸੋਮਵਾਰ ਨੂੰ ਹੋਵੇਗੀ ਸੁਣਵਾਈ, ਡੇਰਾ ਸਮਰਥਕਾਂ ਨੇ ਪਾਈ ਹੈ ਪਟੀਸ਼ਨ