ਲੁਧਿਆਣਾ: ਖਾਨਪੁਰ ਨੇੜੇ ਸਵਾਰੀਆਂ ਨਾਲ ਭਰੀ ਬੱਸ ਪਲਟਣ ਦੀ ਖ਼ਬਰ ਹੈ। ਇਸ ਹਾਦਸੇ 'ਚ 17 ਲੋਕ ਜ਼ਖ਼ਮੀ ਹੋ ਗਏ ਹਨ, ਜਦਕਿ 1 ਦੀ ਮੌਤ ਹੋ ਗਈ ਹੈ। ਦਰਅਸਲ, 23 ਸਵਾਰੀਆਂ ਨਾਲ ਭਰੀ ਇੱਕ ਨਿੱਜੀ ਕੰਪਨੀ ਦੀ ਬੱਸ ਅਹਿਮਦਗੜ੍ਹ ਤੋਂ ਡੇਹਲੋਂ ਹੁੰਦੇ ਹੋਏ ਸਾਹਨੇਵਾਲ ਜਾ ਰਹੀ ਸੀ ਤੇ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਬੱਸ ਤੇ ਕਾਰ ਵਿਚਾਲੇ ਟੱਕਰ ਹੋ ਗਈ ਤੇ ਸੰਤੁਲਨ ਵਿਗੜਨ ਤੋਂ ਬਾਅਦ ਬੱਸ ਪਲਟ ਗਈ। ਹਾਲਾਂਕਿ ਕਾਰ ਸਵਾਰ ਵਾਲ ਵਾਲ ਬਚ ਗਿਆ, ਪਰ ਬੱਸ 'ਚ ਸਵਾਰ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ ਤੇ ਇੱਕ ਬਜ਼ੁਰਗ ਦੀ ਮੌਤ ਹੋ ਗਈ।
ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਕਾਫ਼ੀ ਮਿਹਨਤ ਤੋਂ ਬਾਅਦ ਜ਼ਖਮੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਅਤੇ ਇਸ ਦੀ ਜਾਣਕਾਰੀ ਕੰਟਰੋਲ ਰੂਮ ਨੂੰ ਦਿੱਤੀ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਐਂਬੂਲੈਂਸ ਨੇ ਜ਼ਖਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ।
ਜਾਣਕਾਰੀ ਮੁਤਾਬਕ ਇਹ ਬੱਸ ਅਹਿਮਦਗੜ੍ਹ ਤੋਂ ਡੇਹਲੋਂ ਹੁੰਦੇ ਹੋਏ ਸਾਹਨੇਵਾਲ ਜਾਣੀ ਸੀ। ਬੱਸ ਡੇਹਲੋਂ ਤੋਂ ਜਿਵੇਂ ਹੀ ਖਾਨਪੁਰ ਨੇੜੇ ਪਹੁੰਚੀ, ਤਾਂ ਸਾਹਮਣੇ ਆ ਰਹੀ ਕਾਰ ਨੂੰ ਬਚਾਉਣ ਦੇ ਚੱਕਰ 'ਚ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਪਲਟ ਗਈ, ਇਸ ਬੱਸ 'ਚ 23 ਸਵਾਰੀਆਂ ਸਵਾਰ ਦੱਸੀਆਂ ਜਾ ਰਹੀਆਂ ਸਨ, ਜਿਨ੍ਹਾਂ 'ਚੋਂ 17 ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਲਿਆਂਦਾ ਗਿਆ। ਉਂਧਰ ਸਿਵਲ ਹਸਪਤਾਲ ਦੇ ਡਾਕਟਰ ਨੇ ਇੱਕ ਦੀ ਮੌਤ ਦੀ ਪੁਸ਼ਟੀ ਕੀਤੀ ਹੈ।