ਲੁਧਿਆਣਾ: ਪੰਜਾਬ ਸਮੇਤ ਉੱਤਰ ਭਾਰਤ ਦੇ ਮੌਸਮ ਦੀ ਗੱਲ ਕਰੀਏ ਤਾਂ ਹੱਡ ਚੀਰਵੀਂ ਠੰਢ ਇੱਥੇ ਲਗਾਤਾਰ ਪੈ ਰਹੀ ਹੈ। ਦੂਜੇ ਪਾਸੇ ਮੌਸਮ ਵਿਗਿਆਨੀਆਂ ਨੇ ਇਹ ਵੀ ਕਿਹਾ ਕਿ ਪਹਾੜੀ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਦੇ ਚੱਲਦੇ ਪੰਜਾਬ ਵਿੱਚ ਠੰਢ ਨੇ ਪਿਛਲੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਮੌਸਮ ਵਿਗਿਆਨੀ ਦਾ ਦਾਅਵਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦਾਅਵਾ ਕੀਤਾ ਹੈ ਕਿ ਮੌਸਮ ਵਿੱਚ ਆਏ ਬਦਲਾਅ ਨਾਲ ਜਿੱਥੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਉੱਥੇ ਹੀ ਵੈਸਟਰਨ ਡਿਸਟਰਬੈਂਸ ਦੀ ਮੌਜੂਦਗੀ ਕਾਰਨ ਅਗਲੇ ਹਫਤੇ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਪੀ ਏ ਯੂ ਦੀ ਮੌਸਮ ਵਿਗਿਆਨੀ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਵਾਰ ਮੌਸਮ ਵਿੱਚ ਰਿਕਾਰਡ ਤੋੜ ਬਰਫ਼ਬਾਰੀ ਹੋਈ ਹੈ ਅਤੇ ਬਰਫ਼ਬਾਰੀ ਕਾਰਨ 10 ਤੋਂ 12 ਸਾਲ ਦਾ ਰਿਕਾਰਡ ਦਰਜ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਅਜਿਹਾ 2008 ਵਿੱਚ ਪਾਇਆ ਗਿਆ ਸੀ, ਜਦੋਂ ਕਿ ਉਨ੍ਹਾਂ ਅਗਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ: ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਪੰਜਾਬ ਸਰਕਾਰ ਨੇ ਸ਼ਰਾਬ ਫੈਕਟਰੀ ਬੰਦ ਕਰਨ ਦੇ ਦਿੱਤੇ ਹੁਕਮ
ਤਾਪਮਾਨ 18 ਤੋਂ 20 ਡਿਗਰੀ: ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਹੁਣ ਮੌਸਮ 'ਚ ਬਦਲਾਅ ਆਵੇਗਾ, ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਤਾਪਮਾਨ ਜ਼ੀਰੋ ਡਿਗਰੀ 'ਤੇ ਪਹੁੰਚ ਜਾਂਦਾ ਹੈ, ਜਿਸ ਕਾਰਨ ਰਾਤ ਦੇ ਸਮੇਂ 'ਚ ਠੰਢ ਜ਼ਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਦਿਨ ਦੇ ਸਮੇਂ ਵਿੱਚ ਲੋਕਾਂ ਨੂੰ ਠੰਢ ਤੋਂ ਕੁੱਝ ਰਾਹਤ ਮਿਲੀ ਹੈ ਅਤੇ ਦਿਨ ਦਾ ਤਾਪਮਾਨ ਲਗਭਗ 18 ਤੋਂ 20 ਡਿਗਰੀ ਪੰਜਾਬ ਵਿੱਚ ਹੁੰਦਾ ਹੈ।
ਫਸਲਾਂ ਉੱਤੇ ਪ੍ਰਭਾਵ: ਮੌਸਮ ਵਿਗਿਆਨੀ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੈਸਟਰਨ ਡਿਸਟਰਬੈਂਸ ਕਰਕੇ ਸੂਬੇ ਵਿੱਚ ਮੀਂਹ ਦੀ ਸੰਭਾਵਨਾ ਹੈ ਅਤੇ ਇਹ ਮੀਂਹ ਕਿਸਾਨਾਂ ਦੀਆਂ ਫਸਲਾਂ ਲਈ ਬਹੁਤ ਲਾਹੇਵੰਦ ਹੈ, ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਠੰਢ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪੀਲੀਆਂ ਪੈਣ ਲੱਗ ਪਈਆਂ ਸਨ ਪਰ ਹੁਣ ਧੁੱਪ ਦੇ ਮੌਸਮ ਵਿਚ ਉਨ੍ਹਾਂ ਨੂੰ ਕੁਝ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਬਰਫਬਾਰੀ ਕਾਰਨ ਫਸਲਾਂ ਨੂੰ ਜ਼ਿਆਦਾ ਠੰਢ ਕਾਰਣ ਨੁਕਸਾਨ ਪਹੁੰਚਿਆ ਸੀ।