ਰਾਏਕੋਟ: ਰਾਏਕੋਟ ਦੇ ਪਿੰਡ ਬਿੰਜਲ ਵਿਖੇ ਕੌਮੀ ਗਦਰੀ ਸ਼ਹੀਦ ਜਗਤ ਸਿੰਘ ਬਿੰਜਲ ਦੀ 106ਵੀਂ ਬਰਸੀ ਸ਼ਹੀਦ ਯਾਦਗਾਰੀ ਕਮੇਟੀ ਵੱਲੋਂ ਸਮੂਹ ਗ੍ਰਾਮ ਪੰਚਾਇਤ, ਪੇਂਡੂ ਵਿਕਾਸ ਅਤੇ ਲੋਕ ਭਲਾਈ ਸੁਸਾਇਟੀ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਸ਼ਹੀਦੀ ਯਾਦਗਾਰ 'ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਮਨਾਈ ਗਈ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਵਿਸ਼ਾਲ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਜਿਥੇ ਧਾਰਮਕ ਅਤੇ ਇਨਕਲਾਬੀ ਗਤੀਵਿਧੀਆਂ ਕਰਵਾਈਆਂ ਗਈਆਂ, ਉਥੇ ਹੀ ਬਲੱਡ ਬੈਂਕ ਸਿਵਲ ਹਸਪਤਾਲ ਜਗਰਾਉਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਵੀ ਲਗਾਇਆ। ਇਸ ਦੌਰਾਨ ਇੰਚਾਰਜ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ 35 ਯੂਨਿਟ ਖੂਨ ਇਕੱਠਾ ਕੀਤਾ ਗਿਆ।
ਇਸ ਮੌਕੇ ਬੀਕੇਯੂ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਕਾਏ ਬਿੰਦਰ ਪ੍ਰਧਾਨ ਹਾਕਮ ਸਿੰਘ, ਜਗਤਾਰ ਸਿੰਘ ਪੜਪੋਤਾ ਸ਼ਹੀਦ ਜਗਤ ਸਿੰਘ, ਸਰਪੰਚ ਗੁਰਦੇਵ ਸਿੰਘ ਥਿੰਦ, ਬਲਜਿੰਦਰ ਸਿੰਘ ਔਲਖ, ਜਗਪਾਲ ਸਿੰਘ ਬਿੰਜਲ ਨੇ ਇਕੱਤਰ ਲੋਕਾਂ ਨੂੰ ਕੱਲ੍ਹ ਖੇਤੀ ਕੋਰੋਨਾ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਕਿਸਾਨੀ ਸੰਘਰਸ਼ ਪ੍ਰਤੀ ਲਾਮਬੰਦ ਕੀਤਾ ਅਤੇ 26 ਮਾਰਚ ਨੂੰ ਕਿਸਾਨ ਮੋਰਚਾ ਵੱਲੋਂ ਦਿੱਤੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕਿਹਾ, ਬਲਕਿ ਰਾਏਕੋਟ ਦੇ ਬਰਨਾਲਾ ਚੌੰਕ 'ਚ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਚੱਕਾਜਾਮ ਵਿੱਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।