ਖੰਨਾ: 20 ਜੁਲਾਈ ਦੀ ਰਾਤ ਖੰਨਾ ਦੇ ਮਾਛੀਵਾੜਾ ਸਾਹਿਬ ਇਲਾਕੇ 'ਚ ਮਾਈਨਿੰਗ ਮਾਫ਼ੀਆ ਨੇ ਪੁਲਿਸ 'ਤੇ ਹਮਲਾ ਕਰਕੇ ਰੇਤੇ ਨਾਲ ਭਰੀ ਟਰਾਲੀ ਤੇ ਮੁਲਜ਼ਮਾਂ ਨੂੰ ਛੁਡਵਾਇਆ ਸੀ। ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ। ਉਥੇ ਹੀ ਇਸ ਘਟਨਾ ਤੋਂ ਬਾਅਦ ਐਸਐਸਪੀ ਅਮਨੀਤ ਕੌਂਡਲ ਨੇ ਵੱਖ-ਵੱਖ ਟੀਮਾਂ ਬਣਾ ਕੇ ਸਖ਼ਤ ਕਾਰਵਾਈ ਕੀਤੀ। ਇਸ ਮਾਮਲੇ ਵਿੱਚ ਸਫਲਤਾ ਹਾਸਿਲ ਕਰਦਿਆਂ ਅਮਨੀਤ ਕੌਂਡਲ ਦੀ ਪੁਲਿਸ ਟੀਮ ਵੱਲੋਂ ਮਾਮਲੇ ਵਿੱਚ ਨਾਮਜਦ ਕਿਸਾਨ ਆਗੂ ਸਮੇਤ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਨਾਲ ਹੀ ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ ਰੇਤੇ ਨਾਲ ਭਰੀ ਟਰਾਲੀ, 4 ਮੋਟਰਸਾਈਕਲ, 1ਆਲਟੋ ਕਾਰ, ਮੋਬਾਈਲ, ਪਰਸ ਅਤੇ ਡੰਡੇ ਬਰਾਮਦ ਕੀਤੇ ਹਨ। ਜਾਣਕਾਰੀ ਸਾਂਝੀ ਕਰਦਿਆਂ ਐੱਸ ਐੱਸ ਪੀ ਖੰਨਾ ਨੇ ਦੱਸਿਆ ਕਿ ਕਿਸਾਨ ਆਗੂ ਸਮੇਤ ਸਾਰੇ ਮੁਲਜ਼ਮਾਂ ਦੇ ਮਾਈਨਿੰਗ ਮਾਫੀਆ ਨਾਲ ਪੁਰਾਣੇ ਸਬੰਧ ਸਾਹਮਣੇ ਆਏ ਹਨ।ਫੜ੍ਹੇ ਗਏ ਕਈ ਮੁਲਜ਼ਮਾਂ ਖਿਲਾਫ ਪਹਿਲਾਂ ਤੋਂ ਕਈ ਅਪਰਾਧਿਕ ਮਾਮਲੇ ਦਰਜ ਹਨ ਜਿੰਨਾ 'ਚ ਕਤਲ, ਇਰਾਦਾ ਕਤਲ,ਲੁੱਟ ਖੋਹ ਅਤੇ ਕੁੱਟਮਾਰ ਵਰਗੇ ਗੰਭੀਰ ਮਾਮਲੇ ਦਰਜ ਹਨ।
ਰੇਤੇ ਨਾਲ ਭਰੀ ਟਰਾਲੀ ਤੇ ਮੁਲਜ਼ਮ ਸਮੇਤ ਫ਼ਰਾਰ ਹੋਏ ਸੀ ਹਮਲਾਵਰ : ਐਸਐਸਪੀ ਕੌਂਡਲ ਨੇ ਦੱਸਿਆ ਕਿ 20 ਜੁਲਾਈ ਦੀ ਰਾਤ ਨੂੰ ਜਦੋਂ ਪੁਲਿਸ ਪਾਰਟੀ ਨੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਦਿਆਂ ਰੇਤੇ ਨਾਲ ਭਰੀ ਇੱਕ ਟਰੈਕਟਰ ਟਰਾਲੀ ਨੂੰ ਮੁਲਜ਼ਮ ਸਮੇਤ ਫੜਿਆ ਤਾਂ ਮਾਈਨਿੰਗ ਮਾਫ਼ੀਆ ਨੇ ਪੁਲਿਸ ’ਤੇ ਹਮਲਾ ਕਰ ਦਿੱਤਾ।ਇਸ ਦੌਰਾਨ ਪੁਲਿਸ ਪਾਰਟੀ ਦੇ ਕਈ ਮੁਲਾਜ਼ਮ ਜ਼ਖਮੀ ਵੀ ਹੋਏ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਕਿਸਾਨ ਆਗੂ ਕੁਲਦੀਪ ਸਿੰਘ ਗਰੇਵਾਲ ਨੇ ਆਪਣੇ ਸਾਥੀਆਂ ਸਮੇਤ ਆਲਟੋ ਕਾਰ 'ਚ ਆ ਕੇ ਹਮਲਾ ਕੀਤਾ ਸੀ। ਜਿਸ ਉਪਰੰਤ ਮੋਟਰਸਾਈਕਲਾਂ 'ਤੇ ਉਸਦੇ ਸਾਥੀ ਵੀ ਆ ਗਏ। ਏਐਸਆਈ ਸਮੇਤ ਚਾਰ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਕੇ ਹਮਲਾਵਰ ਰੇਤੇ ਨਾਲ ਭਰੀ ਟਰਾਲੀ ਤੇ ਮੁਲਜ਼ਮ ਸਮੇਤ ਫ਼ਰਾਰ ਹੋ ਗਏ ਸੀ। ਜਿਸਤੋਂ ਬਾਅਦ ਪੁਲਿਸ ਨੇ 12 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ।
- ਜੂਨਾਗੜ੍ਹ 'ਚ ਇਮਾਰਤ ਢਹਿਣ ਕਾਰਨ 4 ਲੋਕਾਂ ਦੀ ਮੌਤ, ਮਰਨ ਵਾਲਿਆਂ 'ਚ ਇੱਕੋ ਪਰਿਵਾਰ ਦੇ 4 ਮੈਂਬਰ ਸ਼ਾਮਿਲ
- ਬਿਆਸ ਦਰਿਆ ਨੇੜੇ ਰਹਿੰਦੇ ਲੋਕਾਂ ਲਈ ਵੱਜੀ ਖਤਰੇ ਦੀ ਘੰਟੀ, ਖਤਰੇ ਦੇ ਨਿਸ਼ਾਨ ਤੋਂ 2 ਇੰਚ ਥੱਲੇ ਵਗ ਰਿਹਾ ਦਰਿਆ ਦਾ ਪਾਣੀ
- ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿਮ, ਹੈਰੋਇਨ ਅਡੇ ਡਰੱਗ ਮਨੀ ਸਮੇਤ 41ਗ੍ਰਿਫ਼ਤਾਰ
ਮੁਲਜ਼ਮਾਂ ਵਿੱਚ ਸ਼ਾਮਿਲ ਕਿਸਾਨ ਆਗੂ ਅਤੇ ਉਸਦਾ ਪੁੱਤਰ: ਇਸ ਮਾਮਲੇ ਦਾ ਮੁੱਖ ਕਥਿਤ ਦੋਸ਼ੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਸਮਰਾਲਾ ਇਕਾਈ ਦਾ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ ਨਿਕਲਿਆ। ਹਮਲੇ ਦੌਰਾਨ ਉਸਦਾ ਪੁੱਤਰ ਗਗਨਦੀਪ ਸਿੰਘ ਵੀ ਆਪਣੇ ਪਿਤਾ ਨਾਲ ਹੀ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਕੁੱਲ 12 ਲੋਕ ਸਨ ਜਿੰਨਾ ਦੀ ਪਹਿਚਾਣ, ਟੰਡੀ ਮੰਡ ਦੇ ਰਹਿਣ ਵਾਲੇ ਕੁਲਦੀਪ ਸਿੰਘ ਗਰੇਵਾਲ, ਉਸਦੇ ਪੁੱਤਰ ਗਗਨਦੀਪ ਸਿੰਘ ਗਗਨ, ਵੇਦਪਾਲ, ਉਸਦੇ ਪਿਤਾ ਰਿਸ਼ੀਪਾਲ, ਗੁਰਪ੍ਰੀਤ ਸਿੰਘ ਲੱਡੂ, ਜਰਨੈਲ ਸਿੰਘ, ਕੁਲਵਿੰਦਰ ਸਿੰਘ,ਮੰਡ ਝੜੌਦੀ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਗੁੱਡੂ ਵਾਸੀ ਪਿੰਡ ਫਤਿਹਪੁਰ (ਰੋਪੜ),ਨਰੇਸ਼ ਉਰਫ ਤੋਤਾ ਵਾਸੀ ਸ਼ੇਰਪੁਰ ਮੰਡ ਨੂੰ ਗ੍ਰਿਫਤਾਰ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਐਸਪੀ (ਆਈ) ਡਾ.ਪ੍ਰਗਿਆ ਜੈਨ, ਡੀਐਸਪੀ ਵਰਿਆਮ ਸਿੰਘ, ਸੀਆਈਏ ਸਟਾਫ਼ ਇੰਚਾਰਜ ਅਮਨਦੀਪ ਸਿੰਘ, ਸਮਰਾਲਾ ਥਾਣਾ ਐਸਐਚਓ ਭਿੰਦਰ ਸਿੰਘ ਅਤੇ ਸਬ ਇੰਸਪੈਕਟਰ ਸੰਤੋਖ ਸਿੰਘ ਦੀਆਂ ਟੀਮਾਂ ਨੇ ਮੁਲਜ਼ਮਾਂ ਨੂੰ ਫੜਨ ਵਿੱਚ ਅਹਿਮ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਇਹ ਇੱਕ ਤਰ੍ਹਾਂ ਨਾਲ ਇਸ ਪ੍ਰਕਾਰ ਐਕਸ਼ਨ ਕੀਤਾ ਗਿਆ ਤਾਂ ਜੋ ਅਜਿਹੇ ਅਨਸਰਾਂ ਨੂੰ ਸਬਕ ਸਿਖਾਇਆ ਜਾ ਸਕੇ। ਮਹਿਲਾ ਐਸਐਸਪੀ ਨੇ ਚੇਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਇਹੋ ਜਿਹੇ ਗੁੰਡਾ ਅਨਸਰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਹੋਣਗੇ।