ਕਪੂਰਥਲਾ: ਪਿੰਡ ਮੋਠਾਂਵਾਲ ਨੇੜੇ ਨਸ਼ੇ ਦੀ ਓਵਰਡੋਜ਼ ਕਾਰਣ ਜਗਜੀਤ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ। ਹੁਣ ਪਰਿਵਾਰ ਦੀ ਤਰਫੋਂ ਇਨਸਾਫ ਲਈ ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ ’ਤੇ ਪੈਂਦੇ ਪਿੰਡ ਕੜਾਲ ਕਲਾਂ ਦੇ ਬੱਸ ਸਟੈਂਡ ’ਤੇ ਧਰਨਾ ਦਿੱਤਾ ਗਿਆ। ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੀ ਮਾਤਾ ਸਾਬਕਾ ਸਰਪੰਚ ਸੁਖਵਿੰਦਰ ਕੌਰ ਨੇ ਦੱਸਿਆ ਕਿ 21 ਜੁਲਾਈ ਨੂੰ ਸ਼ਾਮ 7.30 ਵਜੇ ਦੇ ਕਰੀਬ ਪਿੰਡ ਕੜਾਲ ਕਲਾਂ ਵਾਸੀ ਸਰਵਣ ਸਿੰਘ ਉਸ ਦੇ ਲੜਕੇ ਜਗਜੀਤ ਸਿੰਘ ਨੂੰ ਘਰੋਂ ਬੁਲਾ ਕੇ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ ਸੀ।
ਭੇਤਭਰੇ ਹਾਲਾਤ 'ਚ ਮੌਤ: ਜਦੋਂ ਦੇਰ ਰਾਤ ਤੱਕ ਉਸ ਦਾ ਲੜਕਾ ਘਰ ਵਾਪਸ ਨਾ ਆਇਆ ਤਾਂ ਉਸ ਨੇ ਆਪਣੇ ਪੁੱਤਰ ਦੀ ਭਾਲ ਕੀਤੀ ਪਰ ਉਸ ਦਾ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਅਗਲੇ ਦਿਨ ਜਦੋਂ ਉਹ ਸਵੇਰੇ ਪਿੰਡ ਮੋਠਾਂਵਾਲ ਵੱਲ ਜਾ ਰਿਹਾ ਸੀ ਤਾਂ ਇੰਦਰਜੀਤ ਸਿੰਘ ਉਰਫ ਭਿੰਦਾ ਅਤੇ ਉਸ ਦਾ ਭਰਾ ਨਿਰਮਲਜੀਤ ਸਿੰਘ ਉਰਫ ਬਿੱਲਾ ਵਾਸੀ ਪਿੰਡ ਨਾਨੋ ਮੱਲੀਆਂ ਆਪਣੀ ਮੋਟਰ ਵਾਲੀ ਸਾਈਡ ਤੋਂ ਪੈਦਲ ਆ ਰਹੇ ਸਨ ਅਤੇ ਬਹੁਤ ਘਬਰਾਏ ਹੋਏ ਸਨ। ਉਹ ਦੋਵੇਂ ਭਰਾ ਅੱਖਾਂ ਬਚਾ ਕੇ ਚਲੇ ਗਏ। ਜਦੋਂ ਪਰਿਵਾਰ ਨੇ ਮੋਟਰ ’ਤੇ ਜਾ ਕੇ ਦੇਖਿਆ ਤਾਂ ਇੰਦਰਜੀਤ ਸਿੰਘ ਦੀ ਮੋਟਰ ’ਤੇ ਉਸ ਦੇ ਲੜਕੇ ਦਾ ਮੋਟਰਸਾਈਕਲ ਪਿਆ ਸੀ ਅਤੇ ਪੁੱਤਰ ਵੀ ਉੱਥੇ ਹੀ ਬੇਹੋਸ਼ੀ ਦੀ ਹਾਲਤ ’ਚ ਪਿਆ ਸੀ। ਉਸ ਦੇ ਕੋਲ ਇੱਕ ਸਰਿੰਜ ਪਈ ਸੀ। ਉਸ ਨੂੰ ਤੁਰੰਤ ਇਲਾਜ ਲਈ ਕਪੂਰਥਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਰੰਜਿਸ਼ ਤਹਿਤ ਕਤਲ: ਪਰਿਵਾਰ ਨੇ ਇਲਜ਼ਾਮ ਲਾਇਆ ਕਿ ਪੁਲਿਸ ਜਾਣਬੁੱਝ ਕੇ ਮੁਲਜ਼ਮਾਂ ਨੂੰ ਬਚਾ ਰਹੀ ਹੈ। ਉਨ੍ਹਾਂ ਵਿੱਚੋਂ ਇੱਕ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪਰਿਵਾਰ ਨੇ ਪੁਲਿਸ ਨੂੰ ਧਾਰਾ 302 ਤਹਿਤ ਮਾਮਲਾ ਦਰਜ ਕਰਨ ਲਈ ਕਿਹਾ ਪਰ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 304,34 ਆਈ.ਪੀ.ਸੀ. ਤਹਿਤ ਸਿਰਫ਼ ਖਾਣਾ ਸਪਲਾਈ ਕਰਨ ਦੇ ਇਲਜ਼ਾਮ ਹੇਠ ਕੇਸ ਦਰਜ ਕਰ ਲਿਆ। ਸਾਬਕਾ ਸਰਪੰਚ ਨੇ ਕਿਹਾ ਕਿ ਉਸ ਦੇ ਲੜਕੇ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਮਾਰਿਆ ਗਿਆ ਹੈ। ਰੰਜਿਸ਼ ਤਹਿਤ ਉਨ੍ਹਾਂ ਨੇ ਨਸ਼ੇ ਦਾ ਟੀਕਾ ਲਗਾ ਕੇ ਨੌਜਵਾਨ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਕਾਰਜਕਾਲ ਦੌਰਾਨ ਇਨ੍ਹਾਂ ਵਿਅਕਤੀਆਂ ਤੋਂ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਛੁਡਵਾਇਆ ਸੀ, ਜਿਸ ਕਾਰਨ ਇਨ੍ਹਾਂ ਨੇ ਉਸ ਦੇ ਲੜਕੇ ਦਾ ਕਤਲ ਕੀਤਾ ਹੈ ਅਤੇ ਉਸ ਤੋਂ ਬਦਲਾ ਲਿਆ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਐੱਸਪੀ ਸੁਰਿੰਦਰ ਕੁਮਾਰ, ਥਾਣਾ ਇੰਚਾਰਜ ਲਖਵਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜਿਸ ਤੋਂ ਬਾਅਦ ਪਰਿਵਾਰ ਦੀ ਵੱਲੋਂ ਧਰਨਾ ਚੁੱਕਿਆ ਗਿਆ।