ਸੁਲਤਾਨਪੁਰ ਲੋਧੀ/ਕਪੂਰਥਲਾ: ਜਿੱਥੇ ਇਕ ਪਾਸੇ ਪੰਜਾਬ ਵਿੱਚ ਨਸ਼ੇ ਦੇ ਖਾਤਮੇ ਲਈ ਸਰਕਾਰ ਅਤੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਉੱਥੇ ਹੀ ਦੂਜੇ ਪਾਸੇ ਇਸ ਮੁਹਿੰਮ ਦੇ ਰੁਝਾਨ ਆਉਣੇ ਵੀ ਸ਼ੁਰੂ ਹੋ ਚੁੱਕੇ ਹਨ। ਇਸ ਦੀ ਮਿਸਾਲ ਸੁਲਤਾਨਪੁਰ ਲੋਧੀ ਦਾ ਪਿੰਡ ਮਿੱਠਾ ਹੈ, ਜੋ ਪੂਰੀ ਤਰ੍ਹਾਂ ਨਾਲ ਤੰਬਾਕੂ ਮੁਕਤ ਹੋ ਚੁੱਕਾ ਹੈ। ਇਹ ਗੱਲ ਅਸੀਂ ਨਹੀਂ ਬਲਕਿ ਸਰਕਾਰ ਇਸ ਗੱਲ ਦਾ ਦਾਅਵਾ ਆਪਣੇ ਜਰੀਏ ਜਾਰੀ ਕੀਤੀ ਇੱਕ ਰਿਪੋਰਟ ਰਾਹੀਂ ਵੀ ਕੀਤਾ ਹੈ।ਦਰਅਸਲ ਸਰਕਾਰ ਵਲੋਂ ਜਾਰੀ ਕੀਤੀ ਇੱਕ ਰਿਪੋਰਟ ਜਰੀਏ ਇਹ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਦੇ ਹੁਣ ਤੱਕ 300 ਤੋਂ ਵੱਧ ਪਿੰਡਾਂ ਨੂੰ ਤੰਬਾਕੂ ਮੁਕਤ ਹੋ ਚੁੱਕੇ ਹਨ, ਜਿੰਨ੍ਹਾਂ ਵਿੱਚ ਸੁਲਤਾਨਪੁਰ ਲੋਧੀ ਦਾ ਪਿੰਡ ਮਿੱਠਾ ਵੀ ਸ਼ਾਮਿਲ ਹੈ।
ਪੂਰਾ ਪਿੰਡ ਤੰਬਾਕੂ-ਸਿਗਰਟ ਮੁਕਤ: ਇਸ ਦੌਰਾਨ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਨ੍ਹਾਂ ਦਾ ਪਿੰਡ ਪੂਰੀ ਤਰ੍ਹਾਂ ਨਾਲ ਤੰਬਾਕੂ ਮੁਕਤ ਹੋ ਚੁੱਕਾ ਹੈ। ਇਸ ਲਈ ਕੋਈ ਇਕ ਨਹੀਂ, ਬਲਕਿ ਪੂਰਾ ਪਿੰਡ ਹੀ ਵਧਾਈ ਦਾ ਪਾਤਰ ਹੈ। ਇਸ ਮੌਕੇ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਪਿੰਡ ਵਿੱਚ ਵੱਡੇ ਪੱਧਰ ਉੱਤੇ ਤੰਬਾਕੂ-ਸਿਗਰੇਟ ਆਦਿ ਦੀ ਵਿਕਰੀ ਹੁੰਦੀ ਸੀ, ਪਰ ਪਿੰਡ ਵਾਲਿਆਂ ਦੇ ਆਪਸੀ ਸਹਿਯੋਗ ਨਾਲ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਸਮਝਾਕੇ ਕੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਗਿਆ ਜਿਸ ਨਾਲ ਹੌਲੀ ਹੌਲੀ ਨੌਜਵਾਨਾਂ ਦਾ ਰੁਝਾਨ ਖੇਡਾਂ ਤੇ ਆਪੋਂ ਆਪਣੇ ਕੰਮਾਂ ਕਾਰਾਂ ਵੱਲ ਚਲਾ ਗਿਆ ਤੇ ਪਿੰਡ ਪੂਰੀ ਤਰ੍ਹਾਂ ਨਾਲ ਇਸ ਕੋਹੜ ਤੋਂ ਮੁਕਤ ਹੋ ਗਿਆ।
ਉੱਥੇ ਪਿੰਡ ਵਾਸੀਆਂ ਮੁਤਾਬਕ, ਤੰਬਾਕੂ-ਸਿਗਰੇਟ ਤੋਂ ਇਲਾਵਾ ਹੋਰ ਵੀ ਕਿਸੇ ਤਰ੍ਹਾਂ ਦਾ ਨਸ਼ਾ ਉਨ੍ਹਾਂ ਪਿੰਡ ਵਿੱਚ ਨਹੀਂ ਹੈ। ਕੋਈ ਵੀ ਨੌਜਵਾਨ ਨਸ਼ਾ ਨਹੀਂ ਕਰਦਾ, ਜਿਹੜੇ 2-3 ਨੌਜਵਾਨ ਨਸ਼ਾ ਕਰਦੇ ਵੀ ਸੀ, ਉਨ੍ਹਾਂ ਦਾ ਇਲਾਜ ਕਰਵਾਇਆ ਗਿਆ, ਜੋ ਕਿ ਹੁਣ ਨਸ਼ੇ ਨੂੰ ਨਾ ਕਹਿ ਕੇ ਆਪੋਂ ਆਪਣੇ ਕੰਮਾਂ ਵਿੱਚ ਲੱਗੇ ਹੋਏ ਹਨ।
ਪਿੰਡ ਵਾਸੀਆਂ ਦੀ ਸਰਕਾਰ ਕੋਲੋਂ ਮੰਗ: ਉੱਥੇ ਹੀ, ਪੱਤਰਕਾਰ ਨਾਲ ਗੱਲਬਾਤ ਕਰਦਿਆ ਪਿੰਡ ਵਾਸੀਆਂ ਤੇ ਨੌਜਵਾਨਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਪਿੰਡ ਵਿੱਚ ਕੋਈ ਜਿਮ ਨਹੀਂ, ਜੇਕਰ ਓਪਨ ਜਿਮ ਖੋਲ੍ਹ ਦਿੱਤਾ ਜਾਵੇ, ਤਾਂ ਨੌਜਵਾਨ ਅਪਣੀ ਸਿਹਤ ਬਣਾਉਣ ਲਈ ਅੱਗੇ ਵਧਣਗੇ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਿੰਡ ਵਿੱਚ ਇਕ ਓਪਨ ਜਿਮ ਖੋਲ੍ਹ ਕੇ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਸੂਬੇ ਵਿੱਚ ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ 1 ਨਵੰਬਰ ਨੂੰ ‘ਨੋ ਤੰਬਾਕੂ ਦਿਵਸ’ ਵਜੋਂ ਮਨਾਉਂਦੀ ਏ। ਕੁਝ ਸਾਲ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋਇਆ ਜਿਸ ਤਹਿਤ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ (2003) ਦੇ ਸੈਕਸ਼ਨ 7 ਦੀ ਪਾਲਣਾ ਵਿੱਚ ਨਿਰਧਾਰਿਤ ਸਿਹਤ ਚੇਤਾਵਨੀਆਂ ਤੋਂ ਬਿਨਾਂ ਖੁੱਲ੍ਹੀ ਸਿਗਰਟ ਅਤੇ ਤੰਬਾਕੂ 'ਤੇ ਪਾਬੰਦੀ ਲਾਈ ਗਈ ਤੇ ਵੇਚਣ ਜਾਂ ਸੇਵਨ ਕਰਨ ਉੱਤੇ ਫੜ੍ਹੇ ਜਾਣ 'ਤੇ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ। ਇਸ ਦੇ ਨਾਲ ਹੀਂ, ਸਮੇਂ ਦੀਆਂ ਸਰਕਾਰਾਂ ਵਲੋਂ ਇਕ ਸੂਚੀ ਜਾਰੀ ਕੀਤੀ ਗਈ ਜਿਸ ਤਹਿਤ ਸੂਬੇ ਦੇ 300 ਤੋਂ ਵੱਧ ਪਿੰਡਾਂ ਨੂੰ ਤੰਬਾਕੂ ਮੁਕਤ ਐਲਾਨਿਆ ਗਿਆ ਹੈ।
ਹਾਲਾਂਕਿ ਸਮੇਂ ਦੀਆਂ ਸਰਕਾਰਾਂ ਵਲੋਂ ਸਾਰੇ ਜ਼ਿਲ੍ਹਿਆਂ ਵਿੱਚ ਤੰਬਾਕੂ ਰੋਕੂ ਕੇਂਦਰ (ਟੀਸੀਸੀ) ਸਥਾਪਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਵਿੱਚ ਮੁਫਤ ਸਲਾਹ ਸੇਵਾਵਾਂ ਅਤੇ ਬੰਦ ਕਰਨ ਵਾਲੀਆਂ ਦਵਾਈਆਂ ਜਿਵੇਂ ਕਿ ਟੈਬ ਬੁਪ੍ਰੋਪਿਅਨ, ਨਿਕੋਟੀਨ ਗੱਮ, ਅਤੇ ਪੈਚ ਪ੍ਰਦਾਨ ਕੀਤੇ ਜਾ ਰਹੇ ਹਨ, ਤਾਂ ਜੋ ਲੋਕ ਤੰਬਾਕੂ ਵਰਗੇ ਕੋਹੜ ਤੋਂ ਮੁਕਤ ਹੋ ਸਕਣ।