ਕਪੂਰਥਲਾ: ਜਿੱਥੇ ਪੰਜਾਬ ਸਰਕਾਰ ਵੱਲੋ ਨਸ਼ਿਆਂ ਨੂੰ ਰੋਕਣ ਲਈ ਨੱਥ ਪਾਈ ਜਾ ਰਹੀ ਹੈ, ਉੱਥੇ ਹੀ, ਆਏ ਦਿਨ ਨਸ਼ਿਆਂ ਨਾਲ ਨੌਜਵਾਨਾਂ ਦੀ ਲਗਾਤਾਰ ਮੌਤ ਹੋ ਰਹੀ ਹੈ। ਤਾਜ਼ਾ ਮਾਮਲਾ, ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਤੋਂ ਸਾਹਮਣੇ ਆਈ ਹੈ, ਜਿੱਥੇ ਦੋ ਨੌਜਵਾਨਾਂ ਦੀ ਭੇਦ ਭਰੇ ਹਲਾਤਾਂ ਵਿੱਚ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਪੁਲਿਸ ਮੌਕੇ ਉੱਤੇ ਪੁਹੰਚੀ ਅਤੇ ਜਾਂਚ ਕਰਦਿਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਲਾਸ਼ਾਂ ਅਰਧ ਨਗਨ ਹਾਲਤ 'ਚ ਮਿਲੀਆਂ: ਕਪੂਰਥਲਾ ਦੇ ਭੁਲੱਥ ਹਮੀਰਾ ਰੋਡ 'ਤੇ ਭੇਤਭਰੇ ਹਾਲਾਤਾਂ 'ਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ 'ਚ ਦੋਵੇਂ ਨੌਜਵਾਨ ਜੋ ਕਿ ਭੁਲੱਥ ਦੇ ਪਿੰਡ ਰਾਏ ਪੀਰ ਬਖਸ਼ ਦੇ ਰਹਿਣ ਵਾਲੇ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਅਰਧ ਨਗਨ ਹਾਲਤ 'ਚ ਮਿਲੀਆਂ। ਦੋਨਾਂ ਲਾਸ਼ਾਂ ਦਾ ਮੂੰਹ ਖੁੱਲ੍ਹਾ ਹੋਇਆ ਸੀ ਅਤੇ ਖੂਨ ਨਿਕਲ ਰਿਹਾ ਸੀ।
ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ: ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਭਾਨਪੁਰ ਦੇ ਮੁਖੀ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਇਨ੍ਹਾਂ ਵਿੱਚੋਂ ਇੱਕ ਨਸ਼ੇ ਦਾ ਆਦੀ ਸੀ। ਹੁਣ ਉਹ ਨਸ਼ਾ ਛੁਡਾਊ ਕੇਂਦਰ ਵਿੱਚ ਆਪਣਾ ਇਲਾਜ ਕਰਵਾ ਰਿਹਾ ਸੀ। ਮਰਨ ਵਾਲਿਆਂ ਦੀ ਪਛਾਣ ਸਤਪਾਲ ਸਿੰਘ ਅਤੇ ਵਿਕਰਮਜੀਤ ਸਿੰਘ ਵਜੋਂ ਹੋਈ ਹੈ। ਵਿਕਰਮਜੀਤ ਸਿੰਘ ਦਾ ਨਸ਼ਾ ਛੁਡਾਊ ਕੇਂਦਰ ਸਬੰਧੀ ਕਾਰਡ ਵੀ ਬਣਿਆ ਹੋਇਆ ਹੈ, ਜਿਸ ਦੀ ਨਸ਼ੇ ਛੁਡਾਉਣ ਨੂੰ ਲੈ ਕੇ ਦਵਾਈ ਚੱਲ ਰਹੀ ਸੀ। ਸੋ, ਉਹ ਨਸ਼ੇ ਦੀ ਆਦੀ ਵੀ ਰਿਹਾ ਹੈ। ਥਾਣਾ ਮੁਖੀ ਨੇ ਦੋਵਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦੀ ਗੱਲ ਨੂੰ ਇਹ ਕਹਿ ਕੇ ਫਿਲਹਾਲ ਰੱਦ ਕਰ ਦਿੱਤਾ ਕਿ ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਹੋ ਸਕੇਗੀ।
ਦੱਸਣਯੋਗ ਗੱਲ ਇਹ ਵੀ ਹੈ ਕੀ ਹਰ ਵਾਰ ਸਰਕਾਰਾਂ ਇਹ ਦਾਅਵਾ ਕਰਦੀਆਂ ਹਨ ਕਿ ਨਸ਼ਾ ਬੰਦੇ ਕੀਤੇ ਜਾਣਗੇ, ਪਰ ਇਹ ਨਸ਼ਾ ਕਦੋ ਬੰਦੇ ਹੋਵੇਗਾ। ਪੰਜਾਬ ਵਿੱਚ ਕਦੋ ਤੱਕ ਨਸ਼ਾ ਬੰਦ ਹੋਵੇਗਾ ਅਤੇ ਕਦੋ ਮਾਪਿਆਂ ਦੇ ਬੱਚੇ ਨਸ਼ੇ ਤੋ ਬਚ ਸਕਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।