ਕਪੂਰਥਲਾ: ਸੂਬਾ ਜਿੱਥੇ ਹਰ ਪਾਸੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੇਵਾ ਦੇ ਕਾਰਜ ਵੀ ਨਿਭਾਏ ਜਾ ਰਹੇ ਹਨ। ਪੰਜਾਬ ਦੀਆਂ ਸਮਾਜਿਕ ਸੰਸਥਾਵਾਂ ਅਤੇ ਐਨ.ਜੀ.ਓ ਸਮੇਤ ਕਈ ਬਾਹਰੀ ਸੂਬੇ ਦੀਆਂ ਸਿੱਖ ਸੰਸਥਾਵਾਂ ਵੀ ਇਸ ਮੁਹਿੰਮ ਦਾ ਹਿੱਸਾ ਬਣਦੀਆਂ ਨਜ਼ਰ ਆ ਰਹੀਆਂ ਹਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਪਹੁੰਚਣ ਦੇ ਯਤਨ ਕੀਤੇ ਜਾ ਰਹੇ ਹਨ। ਇਸਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਵਿੱਚ ਜੰਮੂ ਕਸ਼ਮੀਰ ਤੋਂ ਆਏ ਕੁਝ ਕਸ਼ਮੀਰੀ ਸਿੱਖਾਂ ਵੱਲੋਂ ਇਲਾਕੇ ਦੇ ਕੁਝ ਹਿੰਦੂ ਵੀਰਾਂ ਦੇ ਨਾਲ ਰਲ ਕੇ ਹੜ੍ਹ ਪੀੜਤਾਂ ਦੇ ਲਈ ਰਾਹਤ ਸਮੱਗਰੀ ਲਿਆਂਦੀ ਗਈ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਕੇ ਜ਼ਰੂਰਤਮੰਦ ਲੋਕਾਂ ਤੱਕ ਇਹ ਸਮੱਗਰੀ ਪਹੁੰਚਾਈ ਗਈ।
ਇਸਦੇ ਵਿੱਚ ਖਾਸ ਗੱਲ ਇਹ ਰਹੀ ਕਿ ਇਸ ਮੁਹਿੰਮ ਦੇ ਵਿੱਚ ਭਾਈਚਾਰਕ ਸਾਂਝ ਦਾ ਵੱਡਾ ਸੁਨੇਹਾ ਵੀ ਵੇਖਣ ਨੂੰ ਮਿਲਿਆ। ਇਸ ਦੌਰਾਨ ਖਾਸ ਗੱਲਬਾਤ ਕਰਦੇ ਹੋਏ ਕਸ਼ਮੀਰੀ ਸਿੱਖ ਨੌਜਵਾਨਾਂ ਵੱਲੋਂ ਕਿਹਾ ਗਿਆ ਕਿ 2014 ਦੇ ਵਿੱਚ ਜੰਮੂ ਕਸ਼ਮੀਰ ਦੇ ਵਿਚ ਇਕ ਵੱਡੀ ਆਫ਼ਤ ਆਈ ਸੀ ਤਾਂ ਉਸ ਵੇਲੇ ਪੰਜਾਬ ਨੇ ਉਨ੍ਹਾਂ ਦਾ ਬਿਨਾਂ ਕਿਸੇ ਭੇਦ ਭਾਵ ਤੋਂ ਬਹੁਤ ਜਿਆਦਾ ਸਾਥ ਦਿੱਤਾ ਸੀ ਅਤੇ ਉਹਨਾਂ ਦੀ ਮੁਸ਼ਕਿਲ ਸਮੇਂ ਵਿੱਚ ਸਹਾਇਤਾ ਕੀਤੀ ਸੀ। ਇਸੇ ਲਈ ਉਹ ਸਮਝਦੇ ਹਨ ਕਿ ਅੱਜ ਪੰਜਾਬ ਦੇ ਉੱਤੇ ਵੱਡੀ ਆਫ਼ਤ ਆਈ ਹੈ ਤੇ ਪੰਜਾਬ ਨੂੰ ਅੱਜ ਉਹਨਾਂ ਦੀ ਅੱਜ ਸਭ ਤੋਂ ਜਿਆਦਾ ਲੋੜ ਹੈ ਤੇ ਇੱਕ ਇਨਸਾਨ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਹੁਣ ਵਾਰੀ ਉਨ੍ਹਾਂ ਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਲਈ ਵਧ ਚੜ ਕੇ ਅੱਗੇ ਆਉਣ ਤੇ ਉਹਨਾਂ ਦੀਆਂ ਦੁੱਖ ਤਕਲੀਫ਼ਾਂ ਵਿੱਚ ਉਹਨਾਂ ਦਾ ਸਾਥ ਦੇਣ।
ਇਕ ਦੂਸਰੇ ਪ੍ਰਤੀ ਇਨਸਾਨੀਅਤ ਦਾ ਫਰਜ਼ : ਇਸ ਦੌਰਾਨ ਸਮਾਜ ਸੇਵੀ ਹਿੰਦੂ ਵੀਰਾਂ ਨੇ ਕਿਹਾ ਕਿ ਜਿੱਥੇ ਇਕ ਪਾਸੇ ਦੇਸ਼ ਵਿੱਚ ਧਰਮ ਅਤੇ ਰਾਜਨੀਤੀ ਦੇ ਨਾਮ ਤੇ ਜਾਤ ਪਾਤ ਦੀਆਂ ਵੰਡੀਆਂ ਪਾਈਆਂ ਹੋਈਆਂ ਨੇ ਉਥੇ ਹੀ ਅਜਿਹੀਆਂ ਚੀਜ਼ਾਂ ਸਾਨੂੰ ਇੱਕ ਦੂਸਰੇ ਦੇ ਨਾਲ ਜੋੜਨਾ ਸਿਖਾਉਂਦੀਆਂ ਹਨ ਅਤੇ ਇਕ ਦੂਸਰੇ ਪ੍ਰਤੀ ਇਨਸਾਨੀਅਤ ਦਾ ਫਰਜ਼ ਅਦਾ ਕਰਨਾ ਦੱਸਦੀਆਂ ਹਨ।