ਸੁਲਤਾਨਪੁਰ ਲੋਧੀ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸੁਲਤਾਨਪੁਰ ਲੋਧੀ ਵਿੱਖੇ ਜਿੱਥੇ ਸ਼ਰਧਾਲੂਆਂ ਲਈ ਪਾਣੀ ਦੀ ਸਪਲਾਈ ਤੇ ਸਾਫ-ਸਫਾਈ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ, ਉਥੇ ਔਰਤਾਂ ਦੀ ਸਿਹਤ ਸੰਭਾਲ ਦੇ ਮੱਦੇਨਜ਼ਰ ਵੱਡਾ ਕਦਮ ਚੁੱਕਿਆ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਐਸਈ ਇੰਜਨੀਅਰ ਕੇ ਐੱਸ ਸੈਣੀ ਨੇ ਦੱਸਿਆ ਕਿ ਵਿਭਾਗ ਵੱਲੋਂ ਭਾਰੀ ਗਿਣਤੀ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਸਵੱਛਤਾ ਸਬੰਧੀ ਵੱਡਾ ਐਕਸ਼ਨ ਪਲਾਨ ਤਿਆਰ ਕੀਤਾ ਹੈ। ਇਸੇ ਤਹਿਤ ਮਹਿਲਾ ਸ਼ਰਧਾਲੂਆਂ ਨੂੰ ਮਾਹਵਾਰੀ ਦੇ ਦਿਨਾਂ ਦੌਰਾਨ ਅੰਦਰੂਨੀ ਸਾਫ-ਸਫਾਈ ਰੱਖਣ ਬਾਰੇ ਜਾਗਰੂਕ ਕਰਨ ਤੇ ਉਨ•ਾਂ ਦੀ ਸਿਹਤ ਸੰਭਾਲ ਦੇ ਮੱਦੇਨਜ਼ਰ ਸੈਨੇਟਰੀ ਪੈਡਜ਼ ਵਾਲੀਆਂ ਲਗਭਗ 60 ਮਸ਼ੀਨਾਂ ਇਸ ਨਗਰੀ ਦੀਆਂ ਅਹਿਮ ਥਾਵਾਂ 'ਤੇ ਲਾਈਆਂ ਗਈਆਂ ਹਨ ਤਾਂ ਜੋ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਮਿਲ ਸਕਣ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਮਹਿਲਾ ਸ਼ਰਧਾਲੂਆਂ ਨੂੰ 15 ਹਜ਼ਾਰ ਤੋਂ ਵੱਧ ਸੈਨੇਟਰੀ ਪੈਡ ਵੰਡੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਹਿਲਾ ਸਟਾਫ ਤੇ ਵਲੰਟੀਅਰਾਂ ਨੂੰ ਔਰਤ ਸ਼ਰਧਾਲੂਆਂ ਦੀ ਸਿਹਤ ਸੰਭਾਲ ਨਾਲ ਸਬੰਧਤ ਇਹ ਨੇਕ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਮਹਿਲਾਵਾਂ ਇਸ ਸਬੰਧੀ ਜਾਗਰੂਕ ਹੋ ਸਕਣ।
ਸੈਨੇਟਰੀ ਪੈਡਜ਼ ਦੀ ਵਰਤੋਂ ਬਾਰੇ ਔਰਤਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਔਰਤਾਂ ਵੱਲੋਂ ਵਰਤੇ ਗਏ ਸੈਨੇਟਰੀ ਪੈਡਜ਼ ਇਕੱਠੇ ਕਰਨ ਲਈ ਦੋ ਵੈਨਾਂ ਲਾਈਆਂ ਗਈਆਂ ਹਨ ਤੇ ਵਰਤੇ ਸੈਨੇਟਰੀ ਪੈਡਜ਼ ਲਈ ਗੁਲਾਬੀ ਰੰਗ ਦੇ ਕੂੜੇਦਾਨ ਸ਼ਹਿਰ ਦੀਆਂ ਅਹਿਮ ਥਾਵਾਂ 'ਤੇ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਨਵੇਕਲਾ ਕਦਮ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਰਜ਼ੀਆ ਸੁਲਤਾਨਾ ਤੇ ਵਿਭਾਗ ਦੀ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੁੱਕਿਆ ਗਿਆ ਹੈ ਤੇ ਇਸ ਨੇਕ ਕਾਰਜ 'ਚ ਐਚਡੀਐਫਸੀ ਬੈਂਕ ਦਾ ਵਿਸ਼ੇਸ਼ ਯੋਗਦਾਨ ਹੈ