ਫਗਵਾੜਾ: ਸੋਸ਼ਲ ਸਾਈਟਾਂ ਰਾਹੀਂ ਮਸ਼ਹੂਰ ਸਹਿਜ ਜ਼ੈਲਦਾਰ ਉਪਰ ਉਸਦੇ ਹੀ ਦੋਸਤਾਂ ਨੇ ਹਮਲਾ ਕਰ ਦਿੱਤਾ ਹੈ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਗਵਾੜਾ ਦੀ ਪ੍ਰੋਫੈਸਰ ਕਾਲੋਨੀ ਵਿੱਚ ਰਹਿ ਰਹੇ ਸਹਿਜ 'ਤੇ ਹਮਲੇ ਦਾ ਕਾਰਨ ਇੱਕ ਵੀਡੀਓ ਨੂੰ ਦੱਸਿਆ ਜਾ ਰਿਹਾ ਹੈ। ਹਮਲੇ ਦੌਰਾਨ ਸਹਿਜ ਦਾ ਇੱਕ ਦੋਸਤ ਜਗਦੀਪ ਸਿੰਘ ਵੀ ਉਸ ਨਾਲ ਸੀ, ਜਿਸਦੇ ਵੀ ਸੱਟਾਂ ਲੱਗੀਆਂ। ਫਗਵਾੜਾ ਸਿਟੀ ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਅਰੰਭ ਦਿੱਤੀ ਹੈ।
ਸਹਿਜ ਦੇ ਦੋਸਤ ਜਗਦੀਪ ਸਿੰਘ ਨੇ ਇਸ ਮੌਕੇ ਦੱਸਿਆ ਕਿ ਸਹਿਜ ਦਾ ਉਸਦੇ ਕੁੱਝ ਦੋਸਤਾਂ ਨਾਲ ਕਿਸੇ ਵੀਡੀਓ-ਫੋਟੋ ਨੂੰ ਲੈ ਕੇ ਕੁੱਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਸ ਵੀਡੀਓ-ਫੋਟੋ ਨੂੰ ਖਤਮ ਕਰਨ ਲਈ ਕਈ ਵਾਰੀ ਸਹਿਜ ਨੇ ਦੋਸਤਾਂ ਨੂੰ ਕਿਹਾ ਸੀ, ਪਰ ਉਹ ਨਾ ਹਟੇ।
ਉਸ ਨੇ ਦੱਸਿਆ ਕਿ ਇਸ ਵੀਡੀਓ-ਫੋਟੋ ਦਾ ਸਮਝੌਤਾ ਕਰਨ ਲਈ ਕੁੱਝ ਮੋਹਤਬਰਾਂ ਨੇ ਸਰਕਾਰੀ ਰੈਸਟ ਹਾਊਸ ਫਗਵਾੜਾ ਐਤਵਾਰ ਦਾ ਸਮਾਂ ਰੱਖਿਆ ਗਿਆ ਸੀ। ਸਮਝੌਤੇ ਲਈ ਸਹਿਜ ਨਾਲ ਉਹ ਰੈਸਟ ਹਾਊਸ ਪੁੱਜੇ। ਇਸ ਦੌਰਾਨ ਸਹਿਜ ਜ਼ੈਲਦਾਰ ਨੂੰ ਇੱਕ ਮੁੰਡੇ ਨੇ ਦੂਜੇ ਕਮਰੇ ਵਿੱਚ ਸੱਦਿਆ, ਜਿੱਥੇ ਚਾਰ-ਪੰਜ ਮੁੰਡੇ ਬੈਠੇ ਹੋਏ ਸਨ। ਇਨ੍ਹਾਂ ਮੁੰਡਿਆਂ ਨੇ ਸਹਿਜ ਨੂੰ ਫੜ ਲਿਆ ਅਤੇ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ। ਉਸ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸਦੇ ਅਤੇ ਉਨ੍ਹਾਂ ਨਾਲ ਇੱਕ ਹੋਰ ਮੁੰਡੇ ਦੇ ਵੀ ਸੱਟਾਂ ਮਾਰੀਆਂ।
ਸਹਿਜ ਦੀ ਮਾਤਾ ਨੇ ਦੱਸਿਆ ਕਿ ਸਹਿਜ ਜ਼ੈਲਦਾਰ ਦੀ ਫੋਟੋ ਨਾਲ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਐਤਵਾਰ ਨੂੰ ਉਹ ਰੈਸਟ ਹਾਊਸ ਵਿੱਚ ਇਕੱਠੇ ਹੋਏ। ਇਸ ਦੌਰਾਨ ਇੱਕ ਮੁੰਡੇ ਨੇ ਉਸ ਨੂੰ ਦੂਜੇ ਕਮਰੇ ਵਿੱਚ ਬੁਲਾਇਆ ਅਤੇ ਚਾਰ-ਪੰਜ ਮੁੰਡਿਆਂ ਨਾਲ ਭਾਰੀ ਕੁੱਟਮਾਰ ਕੀਤੀ। ਸਹਿਜ ਦੀ ਮਾਤਾ ਨੇ ਦੱਸਿਆ ਕਿ ਸਹਿਜ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਮਾਮਲੇ ਸਬੰਧੀ ਥਾਣਾ ਸਿਟੀ ਦੇ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਸਹਿਜ ਦੇ ਕਾਫੀ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।