ਸੁਲਤਾਨਪੁਰ ਲੋਧੀ/ਕਪੂਰਥਲਾ: ਤਕਰੀਬਨ 5 ਮਹੀਨੇ ਪਹਿਲਾਂ, ਘਰ ਦੇ ਹਲਾਤ ਸੁਧਾਰਣ ਲਈ ਵਿਦੇਸ਼ ਮਸਕਟ ਗਈ ਵਿਆਹੁਤਾ ਔਰਤ ਨੂੰ ਉੱਥੇ ਭਾਰੀ ਤਸ਼ੱਸਦ ਝੱਲਣਾ ਪਿਆ ਤੇ ਦੁੱਖੀ ਹੋ ਕੇ ਕੰਮ ਵਾਲੀ ਥਾਂ ਤੋਂ ਭੱਜ ਗਈ। ਉਥੇ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਪਨਾਹ ਲਈ, ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਭਾਰਤ ਭੇਜਣ ਵਿੱਚ ਮਦਦ ਕੀਤੀ ਤੇ ਹੁਣ ਉਹ ਆਪਣੇ ਘਰ ਤਾਂ ਪਹੁੰਚ ਗਈ, ਪਰ ਉਸ ਦੇ ਸਿਰ ਉੱਤੇ ਕਰਜ਼ਾ ਖੜਾ ਹੈ, ਜੋ ਉਸ ਨੇ ਵਿਦੇਸ਼ ਜਾਣ ਲੱਗੇ ਲਿਆ ਸੀ।
ਮਲੇਸ਼ੀਆ ਦੇ ਕਹਿ ਕੇ ਮਸਕਟ ਪਹੁੰਚਾਇਆ: ਮਾਮਲਾ ਨੇੜਲੇ ਪਿੰਡ ਦਾ ਹੈ, ਜਿੱਥੋ ਦੀ ਇੱਕ ਵਿਆਹੁਤਾ ਔਰਤ, ਆਪਣੀ ਨੇੜੇ ਦੀ ਮਹਿਲਾ ਰਿਸ਼ਤੇਦਾਰ ਦੀਆਂ ਗੱਲਾਂ ਵਿੱਚ ਆ ਕੇ ਬੀਤੀ ਅਪ੍ਰੈਲ ਨੂੰ ਵਿਦੇਸ਼ ਮਲੇਸ਼ੀਆ ਲਈ ਰਵਾਨਾ ਹੋ ਗਈ। ਹੱਡਬੀਤੀ ਦੱਸਦਿਆਂ ਰੇਖਾ ਨੇ ਦੱਸਿਆ ਕਿ ਮਲੇਸ਼ੀਆ ਦਾ ਕਹਿ ਕੇ ਏਜੰਟ ਉਸ ਨੂੰ ਮਸਕਟ ਲੈ ਗਿਆ, ਜਿੱਥੇ ਏਅਰਪੋਰਟ ਉੱਤੇ ਉਸ ਨੂੰ ਲੈਣ ਆਏ ਵਿਅਕਤੀਆਂ ਨੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਤੇ ਕਿਸੇ ਦੇ ਘਰ ਔਰਤ ਕੋਲ ਕੰਮ ਕਰਨ ਲਈ ਰੱਖਵਾ ਦਿੱਤਾ ਸੀ।
ਲਗਾਤਾਰ ਕੰਮ ਕਰਵਾਉਂਦੇ, ਕੁੱਟਮਾਰ ਤੇ ਤਨਖਾਹ ਵੀ ਨਹੀਂ: ਪੀੜਤ ਔਰਤ ਨੇ ਦੱਸਿਆ ਕਿ ਇਸ ਦੌਰਾਨ ਕੁਝ ਦਿਨ ਬੀਤੇ, ਤਾਂ ਉਕਤ ਔਰਤ ਵੱਲੋਂ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਉਸ ਨੇ ਦੱਸਿਆ ਕਿ ਉਸ ਕੋਲੋਂ ਉਹ ਲਗਾਤਾਰ ਕੰਮ ਕਰਵਾਉਂਦੇ ਸੀ ਅਤੇ ਨਿੱਕੀ ਨਿੱਕੀ ਗੱਲ ਉੱਤੇ ਕੁੱਟਣ ਲੱਗ ਜਾਂਦੇ ਸੀ। ਚਾਰ ਮਹੀਨੇ ਕੰਮ ਕਰਵਾਉਣ ਬਦਲੇ ਉਕਤ ਔਰਤ ਵਲੋਂ ਉਸ ਨੂੰ 1 ਮਹੀਨੇ ਦੀ ਹੀ ਤਨਖਾਹ ਦਿੱਤੀ, ਜੋ ਆਪਣੀ ਬੱਚੀ ਦੇ ਅਪਰੇਸ਼ਨ ਉੱਤੇ ਲਾ ਦਿੱਤੀ।
ਇਸ ਤਰ੍ਹਾਂ ਵਾਪਸ ਪਰਤੀ ਭਾਰਤ, ਲਾਈ ਮਦਦ ਦੀ ਗੁਹਾਰ: ਪੀੜਤ ਔਰਤ ਨੇ ਦੱਸਿਆ ਕਿ ਇੱਕ ਦਿਨ ਉਹ ਮੌਕਾ ਵੇਖ ਕੇ ਉਥੋ ਭੱਜ ਨਿਕਲੀ ਤੇ ਉਥੇ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਪਨਾਹ ਲਈ, ਜਿੱਥੇ ਉਸ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਹਿਣ ਲਈ ਕਮਰਾ ਦਿੱਤਾ। ਇਸ ਦੌਰਾਨ ਗੁਰਦੁਆਰਾ ਕਮੇਟੀ ਵੱਲੋਂ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ, ਉਸ ਨੂੰ ਭਾਰਤ ਭੇਜਣ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਅਤੇ ਟਿਕਟ ਦਾ ਪ੍ਰਬੰਧ ਕਰਕੇ ਭਾਰਤ ਭੇਜਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਪੀੜਤ ਮਹਿਲਾ ਨੇ ਦੱਸਿਆ ਕਿ ਉੱਥੇ ਹੋਰ 40 ਭਾਰਤੀ ਕੁੜੀਆਂ ਜਿੰਨਾ ਵਿਚ ਪੰਜਾਬੀਆਂ ਦੀ ਗਿਣਤੀ ਜਿਆਦਾ ਹੈ, ਉੱਥੇ ਫਸੀਆ ਹੋਈਆਂ ਹਨ। ਉਨ੍ਹਾਂ ਉੱਤੇ ਵੀ ਜ਼ੁਲਮ ਕੀਤਾ ਜਾ ਰਿਹਾ ਹੈ। ਉਸ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਉੱਥੋ ਭਾਰਤ ਲਿਆਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਜੋ ਕਰਜ਼ਾ ਚੁੱਕ ਕੇ ਵਿਦੇਸ਼ ਗਈ, ਪਰ ਹੁਣ ਇੱਥੇ ਆ ਕੇ ਹਾਲਾਤ ਚੰਗੇ ਨਹੀਂ, ਤਾਂ ਜੋ ਕਰਜ਼ਾ ਮੋੜ ਸਕੇ, ਉਸ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ।