ਚੰਡੀਗੜ੍ਹ :ਸੂਬੇ ਦੀ ਸਰਕਾਰ ਇੱਕ ਨਵਾਂ ਇਤਿਹਾਸ ਬਣਾਉਣ ਜਾ ਰਹੀ ਹੈ। ਜਿਹੜਾ ਕੰਮ ਅੱਜ ਤੱਕ ਪੰਥਕ ਦਲ 'ਸ਼੍ਰੋਮਣੀ ਅਕਾਲੀ ਦਲ' ਨਹੀਂ ਕਰ ਸਕਿਆ ਉਹ ਹੁਣ ਕੈਪਟਨ ਦੀ ਸਰਕਾਰ ਕਰੇਗੀ।
ਜਾਣਕਾਰੀ ਮੁਤਾਬਕ ਅੱਜ ਤੱਕ ਇਤਿਹਾਸ ਵਿੱਚ ਸੂਬੇ ਦੀ ਕਿਸੇ ਵੀ ਸਰਕਾਰ ਨੇ ਚੰਡੀਗੜ੍ਹ ਤੋਂ ਇਲਾਵਾ ਕਿਸੇ ਹੋਰ ਥਾਂ ਉੱਤੇ ਮੀਟਿੰਗ ਨਹੀਂ ਕੀਤੀ, ਪਰ ਇਹ ਪਹਿਲੀ ਵਾਰ ਹੈ ਕਿ ਕੈਪਟਨ ਸਰਕਾਰ ਆਪਣੀ ਕੈਬਿਨੇਟ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਕਰਨ ਜਾ ਰਹੀ ਹੈ। ਇਹ ਮੀਟਿੰਗ ਭਲਕੇ 10 ਸਤੰਬਰ ਨੂੰ ਹੋਵੇਗੀ।
ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੀ ਇਸ ਮੀਟਿੰਗ ਦਾ ਵਿਸ਼ਾ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਹੋਵੇਗੀ।
ਸ਼੍ਰੋਮਣੀ ਕਮੇਟੀ ਦੁਆਰਾ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੂਬਾ ਸਰਕਾਰ ਦੇ ਸਾਥ ਤੋਂ ਬਿਨਾਂ ਮਨਾਉਣ ਨੂੰ ਲੈ ਕੇ ਪੈਦੇ ਹੋਏ ਵਿਵਾਦ ਕਾਰਨ ਇਹ ਮੀਟਿੰਗ ਬਹੁਤ ਹੀ ਖ਼ਾਸ ਹੋਵੇਗੀ।
ਜਾਣਕਾਰੀ ਮੁਤਾਬਕ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਬਣਨ ਤੋਂ ਬਾਅਦ ਚੰਡੀਗੜ੍ਹ ਤੋਂ ਇਲਾਵਾ ਕਿਸੇ ਹੋਰ ਥਾਂ ਪੰਜਾਬ ਕੈਬਿਨੇਟ ਦੀ ਕਦੇ ਮੀਟਿੰਗ ਨਹੀਂ ਹੋਈ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਕੈਬਿਨੇਟ ਨੇ ਮੀਟਿੰਗ ਲਈ ਚੰਡੀਗੜ੍ਹ ਦੀ ਥਾਂ ਸੁਲਤਾਨਪੁਰ ਲੋਧੀ ਨੂੰ ਚੁਣਿਆ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਨਾਰਾਜ਼ ਵਿਧਾਇਕਾਂ ਨੂੰ ਦਿੱਤਾ 'ਲੌਲੀਪੌਪ'
ਤੁਹਾਨੂੰ ਦੱਸ ਦਈਏ ਕਿ ਇਹ ਮੀਟਿੰਗ ਮਿਤੀ 10 ਸਤੰਬਰ ਨੂੰ ਬਾਅਦ ਦੁਪਹਿਰ 12 ਵਜੇ ਸੁਲਤਾਨਪੁਰ ਲੋਧੀ ਵਿਖੇ ਹੋਵੇਗੀ। ਇਹ ਮੀਟਿੰਗ ਸੁਲਤਾਨਪੁਰ ਲੋਧੀ ਦੀ ਮਾਰਕਿਟ ਕਮੇਟੀ ਦੇ ਕੰਪਲੈਕਸ ਵਿਖੇ ਹੋਵੇਗੀ।
ਸੁਲਤਾਨਪੁਰ ਲੋਧੀ ਵਿਖੇ ਇਹ ਮੀਟਿੰਗ ਕਰਨ ਨਾਲ ਕੈਪਟਨ ਸਰਕਾਰ ਪੰਜਾਬ ਲਈ ਇੱਕ ਨਵਾਂ ਇਤਿਹਾਸ ਬਣਾਉਣ ਜਾ ਰਹੀ ਹੈ।