ਫਗਵਾੜਾ: ਦੇਰ ਰਾਤ ਮੌਸਮ 'ਚ ਆਏ ਬਦਲਾਅ ਕਾਰਨ ਅਚਾਨਕ ਤੇਜ਼ ਮੀਂਹ ਤੇ ਹਨੇਰੀ ਆਈ। ਜਿਸ ਕਾਰਨ ਸ਼ਹਿਰ ਦੇ ਮੁਹੱਲਾ ਸਤਿਕਰਤਾਰੀਆਂ ਵਿਖੇ ਮੀਂਹ ਇੱਕ ਪਰਿਵਾਰ 'ਤੇ ਕਹਿਰ ਬਣ ਕੇ ਵਰ੍ਹਿਆ। ਤੇਜ਼ ਹਨੇਰੀ ਤੇ ਮੀਂਹ ਦੇ ਕਾਰਨ ਘਰ ਦੀ ਛੱਤ ਡਿੱਗ ਪਈ। ਇਸ ਹਾਦਸੇ ਵਿੱਚ ਇੱਕ ਮਾਂ ਤੇ ਧੀ ਦੀ ਮੌਤ ਹੋ ਗਈ, ਜਦਕਿ ਘਰ ਦੇ ਦੋ ਹੋਰ ਮੈਂਬਰ ਜ਼ਖਮੀ ਹੋ ਗਏ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਜੈ ਪ੍ਰਕਾਸ਼ ਨੇ ਦੱਸਿਆ ਕਿ ਉਹ ਮੁੱਹਲਾ ਸਤਿਕਰਤਾਰੀਆਂ ਵਿਖੇ ਆਪਣੀ ਪਤਨੀ ਤੇ ਦੋ ਧੀਆਂ ਦੇ ਨਾਲ ਰਹਿੰਦਾ ਹੈ। ਬੀਤੀ ਰਾਤ ਉਹ ਆਪਣੀ ਪਤਨੀ ਤੇ ਦੋ ਧੀਆਂ ਨਾਲ ਸੁੱਤਾ ਪਿਆ ਸੀ। ਅਚਾਨਕ ਘਰ ਦੀ ਛੱਤ ਡਿੱਗਣ ਕਾਰਨ ਉਹ ਚਾਰੇ ਲੋਕ ਮਲਬੇ ਹੇਠ ਦੱਬ ਗਏ। ਘਟਨਾ ਦਾ ਪਤਾ ਲੱਗਦੇ ਹੀ ਸਥਾਨਕ ਲੋਕ ਉਨ੍ਹਾਂ ਦੀ ਮਦਦ ਲਈ ਪੁੱਜੇ। ਲੋਕਾਂ ਵੱਲੋਂ ਚਾਰਾਂ ਨੂੰ ਮਲਬੇ ਤੋਂ ਕੱਢ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜੈ ਪ੍ਰਕਾਸ਼ ਨੇ ਦੱਸਿਆ ਕਿ ਹਸਪਤਾਲ 'ਚ ਡਾਕਟਰਾਂ ਨੇ ਉਸ ਦੀ ਪਤਨੀ ਸਵਿਤਾ ਤੇ ਉਸ ਦੀ ਚਾਰ ਸਾਲਾਂ ਧੀ ਮਾਹੀਂ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਅੱਠ ਮਹੀਨੇ ਦੀ ਛੋਟੀ ਧੀ ਗੁੜੀਆ ਤੇ ਉਹ ਜ਼ਖਮੀ ਹੋ ਗਏ। ਉਸ ਦੀ ਛੋਟੀ ਧੀ ਗੁੜੀਆ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਰੱਖਿਆ ਗਿਆ ਹੈ।
ਸਥਾਨਕ ਲੋਕਾਂ ਵੱਲੋਂ ਇਸ ਹਾਦਸੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵੱਲੋਂ ਮ੍ਰਿਤਕਾਂ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖਵਾਇਆ ਗਿਆ ਹੈ। ਪੁਲਿਸ ਨੇ ਦੋਹਾਂ ਮ੍ਰਿਤਕਾਂ ਦੀ ਮੌਤ ਛੱਤ ਦੇ ਮਲਬੇ ਹੇਠ ਦੱਬ ਜਾਣ ਕਾਰਨ ਹੋਣ ਦੀ ਗੱਲ ਆਖੀ ਹੈ। ਫਿਲਹਾਲ ਪੁਲਿਸ ਵੱਲੋਂ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।